ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ, ਓਹੀ ਦਿਵਸ ਗੁਲਾਬ ਦੇ ਵਰਗਾ।
ਬਾਕੀ ਬਚਦਾ ਹਰ ਦਿਨ ਜੀਕੂੰ, ਰੱਸ ਗਏ ਦੇਸ ਪੰਜਾਬ ਦੇ ਵਰਗਾ।
ਨਜ਼ਰ ਤੇਰੀ ਵਿੱਚ ਸੂਰਜ ਰੌਸ਼ਨ, ਤੋਰ ਜਿਵੇਂ ਦਰਿਆਈ ਲਹਿਰਾਂ,
ਮੱਥਾ ਹੈ ਜਿਉਂ ਨੂਰ ਇਲਾਹੀ, ਗੋਲਮੋਲ ਮਾਹਤਾਬ ਦੇ ਵਰਗਾ।
ਜਿਹੜੀ ਰਾਤ ਆਕਾਸ਼ ਦੇ ਤਾਰੇ, ਤੱਕਦੇ ਤੈਨੂੰ ਬੋਲੇ ਸਾਰੇ,
ਆਪ ਸੁਣੇ ਮੈਂ ਚੰਦ ਨੂੰ ਕਹਿੰਦੇ, ਆਇਆ ਕੌਣ ਜਨਾਬ ਦੇ ਵਰਗਾ।
ਰੋਲ ਦੇਈਂ ਨਾ ਬਿਨ ਪੜ੍ਹਿਆਂ ਤੋਂ, ਅੱਖਰ ਰਾਹ ਰੁਸ਼ਨਾਵਣਹਾਰੇ,
ਹਰ ਪੱਤਰਾ ਗੁਰਮੰਤਰ ਇਸਦਾ, ਪਾਕ ਪਵਿੱਤ ਕਿਤਾਬ ਦੇ ਵਰਗਾ।
ਮਰਦਾਨਾ ਬਾਣੀ ਦੇ ਅੰਗ ਸੰਗ, ਤੁਰਦਾ ਨਾ ਉਹ ਇਸ ਕਰਕੇ ਹੀ,
ਨਾਨਕ ਨਾਲ ਵਜਾਵਣਹਾਰਾ, ਕਿਹੜਾ ਸਾਜ਼ ਰਬਾਬ ਦੇ ਵਰਗਾ।
ਥਾਲ ਗਗਨ ਵਿੱਚ ਤਾਰਾ ਮੰਡਲ, ਮਹਿਕ ਰਹੀ ਪ੍ਰਕਿਰਤੀ ਪੰਡਿਤ,
ਬ੍ਰਹਿਮੰਡ ਨੇ ਵੀ ਸੁਣਿਆ ਨਾ ਸੀ, ਇਸ ਤੋਂ ਸਾਫ਼ ਜਵਾਬ ਦੇ ਵਰਗਾ।
ਓਸ ਗਿਰਾਂ ਨੂੰ ਰੱਬ ਵੀ ਚਾਹੇ, ਨਰ ਸੁਰਗ ਬਣਾ ਨਹੀਂ ਸਕਦਾ,
ਨਸਲਕੁਸ਼ੀ ਲਈ ਮੁੱਖ ਦਰਵਾਜ਼ਾ, ਜਿਸ ਥਾਂ ਜ਼ਹਿਰ ਸ਼ਰਾਬ ਦੇ ਵਰਗਾ।
32