ਪੰਨਾ:ਰਾਵੀ - ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਫ਼ਿਕਰ ਨੇ ਮਾਰ ਲਿਆ ਹੈ, ਕਿਹੜਾ ਅੱਜ ਕੱਲ੍ਹ ਕੀ ਕਰਦਾ ਹੈ?
ਏਸੇ ਕਰਕੇ ਹਰ ਇੱਕ ਬੰਦਾ, ਜੀਂਦਾ ਘੱਟ ਤੇ ਵੱਧ ਮਰਦਾ ਹੈ।

ਇੱਕ ਦੂਜੇ ਤੋਂ ਏਨੀ ਚੋਰੀ, ਹੱਦੋਂ ਵਧ ਗਈ ਬੇਵਿਸ਼ਵਾਸੀ,
ਸੱਜੇ ਹੱਥ ਨੂੰ ਖ਼ਬਰ ਨਾ ਕੋਈ, ਖੱਬਾ ਅੱਜ ਕੱਲ੍ਹ ਕੀ ਕਰਦਾ ਹੈ?

ਦਿਲ ਅੰਦਰ ਕਈ ਨਦੀਆਂ ਨਾਲੇ, ਤਲਖ਼ ਸਮੁੰਦਰ ਖ਼ੌਰੁ ਪਾਵੇ,
ਗ਼ਮ ਦਾ ਕਿੰਨਾ ਡੂੰਘਾ ਟੋਇਆ, ਉੱਛਲਦਾ, ਪਰ ਨਿੱਤ ਭਰਦਾ ਹੈ।

ਮੰਜ਼ਿਲ ਵੱਲ ਨੂੰ ਪੈਰ ਨਿਰੰਤਰ, ਤੁਰਦੇ ਜਾਂਦੇ ਏਸੇ ਕਰਕੇ,
ਇੱਕ ਰਤਾ ਕੁ ਤੁਰਦਾ ਪਿੱਛੇ, ਦੂਜਾ ਕਦਮ ਅਗਾਂਹ ਧਰਦਾ ਹੈ।

ਸ਼ੀਸ਼ੇ ਅੰਦਰ ਹਰ ਬੰਦਾ ਹੀ, ਕਿਉਂ ਨਹੀਂ ਤੱਕਦਾ ਆਪਣਾ ਚਿਹਰਾ,
ਮੇਰਾ ਆਪਣਾ ਆਪਾ ਵੀ ਹੁਣ, ਇਸ ਦੇ ਕੋਲੋਂ ਕਿਉਂ ਡਰਦਾ ਹੈ?

ਜਾਨ ਤੋਂ ਪਿਆਰਾ ਆਖਣ ਵਾਲਾ, ਅੱਜ ਕੱਲ੍ਹ ਜੋ ਮੂੰਹ ਫੇਰ ਕੇ ਲੰਘਦੈ,
ਦਿਲ ਤਾਂ ਕਰਦੈ ਪੁੱਛ ਲਵਾਂ, ਕਿ ਬਿਨ ਸਾਹਾਂ ਤੋਂ ਕਿੰਜ ਸਰਦਾ ਹੈ?

ਵਿੱਚ ਹਨ੍ਹੇਰੇ ਤੀਰ ਚਲਾ ਕੇ, ਸਮਝ ਰਹੇ ਹਾਂ ਜਿੱਤ ਲਈ ਬਾਜ਼ੀ,
ਸੋਨੇ ਦੀ ਲੰਕਾ ਵਿੱਚ ਬੈਠਾ, ਰਾਵਣ ਏਦਾਂ ਕਿੰਜ ਮਰਦਾ ਹੈ?

33