ਪੰਨਾ:ਰਾਵੀ - ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕ ਹੈਰਾਨ ਪਤਾ ਨਹੀਂ ਕਿਉਂ ਨੇ, ਸਾਗਰ ਵਿੱਚ ਜੋ ਲਾਵਾ ਫੁੱਟਿਆ।
ਇਹ ਤਾਂ ਓਹੀ ਜਬਰ ਸਮੇਂ ਦਾ, ਦੰਦਾਂ ਹੇਠ ਸੀ ਧਰਤੀ ਘੁੱਟਿਆ।

ਅੱਖ ਦਾ ਤੇਜ, ਮੜਕ, ਮਰਯਾਦਾ, ਖੋਹ ਕੇ ਸਾਥੋਂ ਕਿਉਂ ਪੁੱਛਦੇ ਹੋ,
ਕਿਸ ਨੇ ਸਿਖ਼ਰ ਦੁਪਹਿਰੇ ਸਾਡੇ, ਦੀਨ ਈਮਾਨ ਧਰਮ ਨੂੰ ਲੁੱਟਿਆ।

ਦਿਨ ਚੜ੍ਹਦੇ ਓਸੇ ਵਿੱਚ ਆਪੇ, ਡਿੱਗ ਪਏ ਵੇਖੋ, ਬੜੇ ਸਿਆਣੇ,
ਦੂਸਰਿਆਂ ਦੇ ਬੂਹੇ ਅੱਗੇ, ਜਿਨ੍ਹਾਂ ਰਾਤ ਸੀ, ਟੋਆ ਪੁੱਟਿਆ।

ਅੱਤੋਂ ਅੱਗੇ ਅੰਤ ਪੜਾਅ ਹੈ, ਸਾਵਧਾਨ ਜੋ ਕਰਦਾ ਸੀ ਉਹ,
ਅੰਨ੍ਹੀ ਤਾਕਤ ਅੰਨ੍ਹੇ ਹੋ ਕੇ, ਸਭ ਤੋਂ ਬਹੁਤਾ ਉਸ ਨੂੰ ਕੁੱਟਿਆ।

ਸਫ਼ਰ ਨਿਰੰਤਰ ਸਾਹੀਂ ਮੇਰੇ, ਤੁਰਦੇ ਤੁਰਦੇ ਤੁਰਦੇ ਜਾਣਾ,
ਮੰਜ਼ਿਲ ਤੀਕ ਤੁਰਨ ਦਾ ਦਾਈਆ, ਥੱਕਿਆ ਹਾਂ ਪਰ, ਮੈਂ ਨਹੀਂ ਟੁੱਟਿਆ।

ਵਿਸ਼ਗੰਦਲਾ ਹਰ ਬੂਟਾ ਕਹਿੰਦੇ, ਪੈਲੀ ਵਿੱਚੋਂ ਮਾਰ ਮੁਕਾਉਣਾ,
ਕਮਰਾਂ ਕੱਸ ਕੇ ਵੇਖ ਲਵੋ ਪਿੰਡ, ਸਾਰਾ ਹੈ, ਸਿਰ ਜੋੜ ਕੇ ਜੁੱਟਿਆ।

ਅੱਧ ਵਰਿੱਤਾ ਜ਼ਖ਼ਮੀ ਕਰਕੇ, ਗਾਫ਼ਿਲ ਨਾ ਹੋ ਜਾਇਓ ਕਿਧਰੇ,
ਹੱਥਾਂ ਬਾਝ ਕਰਾਰਿਆਂ ਦੁਸ਼ਮਣ, ਆਪ ਕਦੇ ਹਥਿਆਰ ਨਾ ਸੁੱਟਿਆ।

34