ਸਮੱਗਰੀ 'ਤੇ ਜਾਓ

ਪੰਨਾ:ਰਾਵੀ - ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ ਸਰੂਪ ਨਕਸ਼ਿਆਂ ਤੋਂ ਬਿਨ, ਦਿਲ ਤੋਂ ਦਿਲ ਨੂੰ ਰਾਹ ਹੁੰਦੇ ਨੇ।
ਸੌਖਾ ਨਹੀਂ ਮਹਿਸੂਸ ਕਰਨ ਇਹ, ਇੱਕ ਧੜਕਣ ਦੋ ਸਾਹ ਹੁੰਦੇ ਨੇ।

ਫੁੱਲ ਪੱਤੀਆਂ ਵਿੱਚ ਜਿਉਂ, ਖ਼ੁਸ਼ਬੋਈ ਅਣਦਿਸਦੀ, ਪਰ ਹਾਜ਼ਰ ਹੋਵੇ,
ਪੌਣਾਂ ਦੇ ਮਦਮਸਤ ਫੁਹਾਰੇ, ਇਸਦੇ ਅਸਲ ਗਵਾਹ ਹੁੰਦੇ ਨੇ।

ਨੰਗੀ ਅੱਖ ਨੂੰ ਦਿਸਦਾ ਕੁਝ ਨਾ, ਕੀ ਹੈ ਮਨ ਦੇ ਅੰਦਰ ਤੁਰਦਾ,
ਮੇਰੇ ਵਰਗੇ ਪਾਂਧੀ ਤਾਂਹੀਂਉਂ, ਰਾਹਾਂ ਵਿੱਚ ਗੁਮਰਾਹ ਹੁੰਦੇ ਨੇ।

ਪਿਆਰ ਗੁਲਾਮ ਕਦੇ ਨਹੀਂ ਹੁੰਦਾ, ਘੜੀਆਂ ਪਹਿਰ ਦਿਵਸ ਦਾ ਭਲਿਓ,
ਇੱਕ ਫੁੱਲ ਸੁਰਖ਼ ਗੁਲਾਬ ਸੌਂਪ ਕੇ, ਕਰਜ਼ੇ ਕਿੱਥੇ ਲਾਹ ਹੁੰਦੇ ਨੇ।

ਇਹ ਤਾਂ ਸਾਡੇ ਅੰਦਰ ਤੁਰਦੀ, ਫਿਰਦੀ ਹੈ ਜੋ ਅਗਨ ਅਜੂਨੀ,
ਓਦਾਂ ਮੋਹ ਦੀਆਂ ਤੰਦਾਂ ਖ਼ਾਤਿਰ, ਕਿੱਥੇ ਚਰਖ਼ੇ ਡਾਹ ਹੁੰਦੇ ਨੇ।

ਆਪਸ ਵਿੱਚ ਵਿਸ਼ਵਾਸ ਦੇ ਪਾਤਰ, ਜੇਕਰ ਹੋਣ ਸਨੇਹ ਦੇ ਨਾਤੇ,
ਸੱਚ ਪੁੱਛੋ ਤਾਂ ਇਹ ਹੀ ਰਿਸ਼ਤੇ, ਦੀਨ ਦੁਨੀ ਦੇ ਸ਼ਾਹ ਹੁੰਦੇ ਨੇ।

ਧਰਤੀ ਅੰਬਰ ਪਾਰ ਸੂਰਜੋਂ, ਮਾਰ ਉਡਾਰੀ ਜਿਹੜੇ ਪਹੁੰਚਣ,
ਕਾਲ ਮੁਕਤ ਹਿਰਨੋਟੇ ਮਨ ਹੀ, ਸੱਚੀਂ ਬੇਪਰਵਾਹ ਹੁੰਦੇ ਨੇ।

35