ਪੰਨਾ:ਰਾਵੀ - ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਗਲ ਤੀਕ ਗ਼ਮਾਂ ਦਾ ਪਹਿਰਾ, ਬੇਗ਼ਮ ਪੁਰਾ ਸ਼ਹਿਰ ਨਹੀਂ ਵੱਸਿਆ।
ਹੇ ਰਵੀਦਾਸ! ਪਿਆਰੇ ਪੁਰਖੇ, ਸੱਚੋ ਸੱਚ ਮੈਂ ਤੈਨੂੰ ਦੱਸਿਆ।

ਸ਼ਬਦ ਗੁਰੂ ਸਤਿਕਾਰਨ ਦੀ ਥਾਂ, ਪੂਜਣਹਾਰੇ ਹੋ ਗਏ ਕਾਬਜ਼,
ਤਾਂਹੀਂ ਸ਼ਬਦ ਮੁਕਤੀਆਂ ਦਾਤਾ ਸਾਡੇ ਮਨ ਮੰਦਰ ਨਹੀਂ ਵੱਸਿਆ।

ਆਪ ਕਬੀਰ ਨੂੰ ਮੈਂ ਖ਼ੁਦ ਪੁੱਛਿਆ, ਉਲਝੀ ਤਾਣੀ ਕਿੰਜ ਸੁਲਝੇਗੀ,
ਓਸ ਕਿਹਾ ਕਿ ਤੋੜ ਜ਼ੰਜੀਰਾਂ, ਭਰਮ-ਜਾਲ ਦੀ ਕਾਲ਼ੀ ਮੱਸਿਆ।

ਨਾਮਦੇਵ ਦੀ ਛਪਰੀ ਅੱਜ ਵੀ, ਘਿਰੀ ਪਈ ਹੈ ਫ਼ਿਕਰਾਂ ਅੰਦਰ,
ਕਿਣਮਿਣ ਕਣੀਆਂ ਅੱਥਰੂ ਕਿਰਦੇ, ਦਰਦ ਸਦੀਵੀ ਮੀਂਹ ਬਣ ਵੱਸਿਆ।

ਮਰਦਾਨੇ ਦੀ ਦਰਦ ਕਹਾਣੀ, ਪੁੱਛੋ ਨਾ ਬੱਸ ਰਹਿਣ ਦਿਓ ਜੀ,
ਸੁਰ ਤੇ ਰਾਗ ਰਬਾਬ ਦੋਹਾਂ ਨੂੰ, ਗੁਰਬਤ ਜ਼ਹਿਰੀ ਨਾਗਣ ਡੱਸਿਆ।

ਗਿਆਨ ਦੇ ਗਲ਼ ਵਿੱਚ ਰੱਸਾ ਪਾ ਕੇ, ਆਪਣੇ ਵੱਲ ਨੂੰ ਖਿੱਚੀ ਜਾਂਦੇ,
ਵੇਖ ਲਵੋ ਕਿੰਜ ਬੌਣਿਆਂ ਰਲ ਕੇ, ਧੌਣ ਦੁਆਲੇ ਕਿੰਨਾ ਕੱਸਿਆ।

ਸਰਬਕਾਲ ਪਰਮੇਸ਼ਰ ਪੋਥੀ, ਸ਼ਬਦਗੁਰੂ, ਸਰਬੱਤ ਦੀ ਖ਼ਾਤਰ,
ਨਿਰਭਉ ਤੇ ਨਿਰਵੈਰ ਨੇ ਕੱਢਣਾ, ਜਿਹੜੀ ਮੈਂ ਦਲਦਲ ਵਿੱਚ ਧੱਸਿਆ।

36