ਪੰਨਾ:ਰਾਵੀ - ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਆਖਾਂ ਹੁਣ ਇਸ ਤੋਂ ਵੱਧ ਮੈਂ, ਦਰਦ ਸੁਣਾ ਕੇ ਦਿਲ ਨਹੀਂ ਭਰਿਆ।
ਅਚਨਚੇਤ ਕਿਉਂ ਚੁੱਪ ਨੂੰ ਧਾਰੀ, ਦੱਸ ਕੀ ਅਜਬ ਸਿਤਮ ਹੈ ਕਰਿਆ।

ਤੁਰਦੇ ਤੁਰਦੇ ਤੁਰੇ ਜਾਂਦਿਆਂ ਅੱਗੇ, ਜਿਉਂ ਧਰਤੀ ਮੁੱਕ ਜਾਵੇ,
ਤੇਰੀ ਅੱਖ ਵਿੱਚ ਤੱਕਿਆ ਅੱਥਰੂ, ਲੱਗਦੈ ਖ਼ਾਰਾ ਸਾਗਰ ਭਰਿਆ।

ਅੰਬਰ ਵਿੱਚ ਉਡਾਰੀ ਭਰਦਾਂ, ਜਾਂ ਤਰਦਾ ਹਾਂ ਤਲਖ਼ ਸਮੁੰਦਰ,
ਮੇਰੇ ਵਿੱਚ ਨਿਰੰਤਰ ਵਹਿੰਦਾ, ਹਿੰਮਤ ਦਾ ਇੱਕ ਅੱਥਰਾ ਦਰਿਆ।

ਸੋਨੇ ਦੀ ਲੰਕਾ ਵਿੱਚ ਵੇਖੋ, ਅੱਜ ਵੀ ਹੁਕਮ ਹਕੂਮਤ ਕਰਦਾ,
ਹੇ ਭਗਵਾਨ! ਨਿਆਰੀ ਲੀਲ੍ਹਾ, ਸਾਥੋਂ ਕਿਉਂ ਰਾਵਣ ਨਹੀਂ ਮਰਿਆ।

ਕਈ ਵਾਰੀ ਤਾਂ ਏਦਾਂ ਲੱਗਦੈ, ਤੂੰ ਚੰਨ ਟੋਟਾ ਬੱਦਲਾਂ ਓਹਲੇ,
ਸੱਚ ਪੁੱਛੋਂ ਇਹ ਕਹਿਰ, ਹੁਸਨ ਦਾ ਮੇਰੇ ਤੋਂ ਨਾ ਜਾਵੇ ਜਰਿਆ।

ਤੇਰੇ ਦਮ ਤੇ ਜੀਣ ਜੋਗੀਏ, ਹੁਣ ਤੀਕਰ ਹਾਂ ਸਾਬਤ ਬਚਿਆ,
ਦੱਸ ਭਲਾ ਇਹ ਅਗਨ ਸਮੁੰਦਰ, ਕੱਲ੍ਹਿਆਂ ਅੱਜ ਤੱਕ ਕਿਸ ਨੇ ਤੁਰਿਆ।

ਮੇਰੀ ਕਵਿਤਾ, ਗੀਤ, ਗ਼ਜ਼ਲ ਹੈ, ਅਣ ਆਖੇ ਦੀ ਸਰਲ ਵਿਆਖਿਆ,
ਜੇ ਨਾ ਪਾਉਂਦਾ ਵਰਕਿਆਂ ਪੱਲੇ, ਮਨ ਰਹਿਣਾ ਸੀ ਭਰਿਆ ਭਰਿਆ।

37