ਪੰਨਾ:ਰਾਵੀ - ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਦੋ ਨੈਣਾਂ ਵਿੱਚ ਸੁਪਨਾ, ਦਿਨ ਵੇਲੇ ਜਿਉਂ ਸੂਰਜ ਦਗਦਾ।
ਸ਼ਾਮ ਢਲੇ ਤੋਂ ਮਗਰੋਂ ਏਹੀ, ਪਤਾ ਨਹੀਂ ਕਿਉਂ ਚੰਨ ਹੈ ਲਗਦਾ।

ਮੈਨੂੰ ਮਿਲਦੇ ਛੂਈ ਮੂਈ, ਹੋ ਜਾਂਦੀ ਏਂ ਲਾਜਵੰਤੀਏ,
ਹੋਰਾਂ ਖਾਤਰ ਤੇਰੀ ਰੂਹ ਵਿੱਚ, ਇਤਰਾਂ ਦਾ ਦਰਿਆ ਹੈ ਵਗਦਾ।

ਤੂੰ ਤੇ ਹਰ ਥਾਂ ਹਾਜ਼ਰ ਨਾਜ਼ਰ, ਚਾਨਣ ਜਹੀਏ ਨੂਰਵੰਤੀਏ,
ਵੇਖ ਲਵਾਂ ਤੈਨੂੰ ਹਰ ਥਾਂ ਤੇ, ਜਿੱਥੇ ਕਿਧਰੇ ਦੀਵਾ ਜਗਦਾ।

ਤੇਰਾ ਧਿਆਨ ਧਰਾਂ ਤੇ ਮਨ ਵਿੱਚ, ਖ਼ੁਸ਼ਬੂਆਂ ਦਾ ਲੱਗਦਾ ਮੇਲਾ,
ਰੋਮ ਰੋਮ ਲਟਬੌਰੀ ਜਿੰਦ ਨੂੰ, ਦਿਨ ਤੇ ਰਾਤ ਫ਼ਰਕ ਨਾ ਲਗਦਾ।

ਇੱਕ ਵਾਰੀ ਮੁਸਕਾਉਂਦੀ ਤੱਕਿਆ, ਹਾਏ! ਉਹ ਨੂਰੀ ਝਲਕਾਰਾ,
ਹੁਣ ਤੀਕਰ ਵੀ ਚੇਤੇ ਆ ਕੇ, ਓਹੀ ਮੁੜ ਮੁੜ ਮੈਨੂੰ ਠਗਦਾ।

ਤੂੰ ਪੁੱਛਿਆ ਕਈ ਵਾਰੀ ਮੈਨੂੰ, ਤੇਰਾ ਮੇਰਾ ਕੀ ਹੈ ਨਾਤਾ,
ਸੌ ਦੀ ਇੱਕ ਸੁਣਾਵਾਂ ਤੈਨੂੰ, ਜੋ ਰਿਸ਼ਤਾ ਹੈ ਸਾਹ ਤੇ ਰਗ ਦਾ।

ਨਾਲ ਤੁਰਦਿਆਂ ਬੜਾ ਜ਼ਰੂਰੀ, ਦੋ ਤਨ ਇੱਕ ਮਨ ਰੂਪ ਧਾਰਨਾ,
ਸਾਂਭ ਲਿਆ ਲਿਸ਼ਕਾਰਾ ਮੈਂ ਤਾਂ, ਦਿਲ ਮੁੰਦਰੀ ਵਿੱਚ ਮੋਹ ਦੇ ਨਗ ਦਾ।

38