ਪੰਨਾ:ਰਾਵੀ - ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਸਿਆ ਕਮਾਨ ਵਿੱਚ ਜੇ ਕੋਈ, ਤੀਰ ਨਹੀਂ ਹੈ।
ਸਮਝੀਂ ਨਾ ਮੇਰੀ ਕਲਮ ਇਹ, ਸ਼ਮਸ਼ੀਰ ਨਹੀਂ ਹੈ।

ਇਹ ਰਾਜ ਤਖ਼ਤ, ਕਲਗੀਆਂ, ਪੌਣਾਂ ਦੇ ਵਾਂਗ ਨੇ,
ਮਿਟਦੀ ਕਿਸੇ ਤੋਂ ਵਕਤ ਦੀ ਤਕਦੀਰ ਨਹੀਂ ਹੈ।

ਫਿਰਦਾ ਸੁਹਾਗੇ ਮਾਰਦਾ ਤੇ, ਕਹਿੰਦਾ ਧਰਮ ਹੈ,
ਸ਼ੈਤਾਨ ਦਾ ਸਰੂਪ ਇਹ, ਫ਼ਕੀਰ ਨਹੀਂ ਹੈ?

ਧਰਤੀ ਦਾ ਧਰਮ ਪਾਲਣਾ, ਸਭ ਵੇਲ ਬੂਟੀਆਂ,
ਆਰੀ ਚਲਾਉਣ ਵਾਲਾ ਹੁੰਦਾ, ਬੀਰ ਨਹੀਂ ਹੈ।

ਸਾਂਝਾਂ ਦੀਆਂ ਫੁਲਕਾਰੀਆਂ ਨੂੰ, ਰੋਜ਼ ਕੁਤਰਦੈਂ,
ਤੂੰ ਸਮਝਿਆ ਕਰ ਫੇਰ ਜੁੜਨੀ, ਲੀਰ ਨਹੀਂ ਹੈ।

ਦਿਲ ਤੇ ਲਕੀਰ ਵਾਹੁਣ ਦੀ, ਕੀਮਤ ਨੂੰ ਜਾਣ ਲੈ,
ਮਿਟਿਆ ਕਦੇ ਵੀ ਦਿਲ ਤੇ ਪਿਆ, ਚੀਰ ਨਹੀਂ ਹੈ।

ਤੇਰਾ ਕਾਰਿੰਦਾ ਕਹਿ ਰਿਹਾ ਜੋ ਮੁਲਕ ਛੋੜ ਦੋ,
ਇਹ ਦੇਸ਼ ਉਹਦੇ ਬਾਪ ਦੀ ਜਾਗੀਰ ਨਹੀਂ ਹੈ।

39