ਪੰਨਾ:ਰਾਵੀ - ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰ ਉਡਾਰੀ ਚੱਲ ਹੁਣ ਚੱਲੀਏ, ਅੰਬਰ ਤੋਂ ਵੀ ਪਾਰ ਬਾਬਲਾ।
ਧਰਤ ਕਲਾਵਾ ਭਰਿਆ ਮੈਂ ਤਾਂ, ਦੋ ਬਾਹਾਂ ਵਿਚਕਾਰ ਬਾਬਲਾ।

ਮੇਰੇ ਮੱਥੇ ਸੂਰਜ ਧਰ ਦੇ, ਕਰ ਦੇ ਰੌਸ਼ਨ ਮੇਰੀਆਂ ਰਾਹਵਾਂ,
ਸੋਚਾਂ ਵਿੱਚ ਗੁਲਤਾਨ ਕਿਉਂ ਹੈ, ਰੂਹ ਤੋਂ ਭਾਰ ਉਤਾਰ ਬਾਬਲਾ।

ਕਾਲ ਕਲੂਟੇ ਅੰਬਰ ਦੇ ਵਿੱਚ, ਲੰਮੀਆਂ ਲੰਮੀਆਂ ਚਿੱਟੀਆਂ ਲੀਕਾਂ,
ਪੰਖ ਪਸਾਰ ਉਡੇ ਸੈ ਕੋਸਾਂ, ਕੂੰਜੜੀਆਂ ਦੀ ਡਾਰ ਬਾਬਲਾ।

ਧਰਮ ਧਰਾਤਲ ਧਰਤੀ ਸਾਂਭੇ, ਮੇਰੀ ਦਾਦੀ ਮਾਂ ਦੇ ਵਾਂਗੂੰ,
ਮਾਂ ਬੋਲੀ ਹੈ ਸ਼ਕਤੀ ਤੀਜੀ, ਇਹ ਨੇ ਪਾਲਣਹਾਰ ਬਾਬਲਾ।

ਪੈਸਾ ਪੀਰ ਬਣਾ ਕੇ ਪੂਜਣ, ਅਕਲੋਂ ਹੀਣੇ ਬਹੁਤੇ ਲੋਕੀਂ,
ਏਸੇ ਕਰਕੇ ਹੋ ਚੱਲਿਆ ਏ, ਵਿਸ਼ ਗੰਦਲਾ ਸੰਸਾਰ ਬਾਬਲਾ।

ਤੇਰੇ ਰੁੱਖ ਦੀ ਨਰਮ ਕਰੂੰਬਲ, ਮੈਂ ਕੀਤਾ ਇਕਰਾਰ ਨਿਭਾਊਂ,
ਮਾਂ ਦੇ ਸਿਰ ਫੁਲਕਾਰੀ ਬਣਨਾ, ਤੇਰੀ ਵੀ ਦਸਤਾਰ ਬਾਬਲਾ।

ਰਸਮ ਰਿਵਾਜ ਬਣਾ ਕੇ ਬੰਧਨ, ਮਗਰੋਂ ਫਿਰਨ ਗੁਲਾਮੀ ਕਰਦੇ,
ਚੁੱਕੀ ਫਿਰਦੇ ਮਨ ਦੇ ਉੱਤੇ, ਧੀ ਤਿਤਲੀ ਦਾ ਭਾਰ ਬਾਬਲਾ।

40