ਪੰਨਾ:ਰਾਵੀ - ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਨਣ ਕਣੀਆਂ ਆਹ ਫੜ ਸੂਰਜ, ਰੂਹ ਦੇ ਵਿੱਚ ਜਗਾ ਲੈ ਤਾਰੇ।
ਵੇਖੀਂ ਇਹ ਸਭ ਹੂੰਝ ਦੇਣਗੇ, ਤੇਰੇ ਮਨ ਦਾ 'ਨ੍ਹੇਰ ਪਿਆਰੇ।

ਇਹ ਜਗਦੇ ਜੋ ਦੀਵੇ ਤੇਰੇ, ਮੱਥੇ ਅੰਦਰ ਵਾਂਗ ਮਸ਼ਾਲਾਂ,
ਵੇਖੀਂ ਕਿਤੇ ਬੁਝਾ ਨਾ ਦੇਵਣ, ਨੈਣਾਂ ਵਿਚਲੇ ਹੰਝੂ ਖ਼ਾਰੇ।

ਕਿੰਨੇ ਅੰਬਰ, ਧਰਤ, ਸਮੁੰਦਰ, ਦਿਨ ਤੇ ਰਾਤ ਕਰਨ ਪਰਿਕਰਮਾ,
ਬੰਦਿਆ! ਤੇਰੀ ਸੇਵਾ ਖ਼ਾਤਰ, ਕਿੱਦਾਂ ਫ਼ਿਰਦੇ ਚੰਨ ਸਿਤਾਰੇ।

ਹਿੰਮਤ ਨਾਲ ਘੁਮਾ ਦੇ ਚਾਬੀ, ਹਰ ਜੰਦਰੇ ਨੂੰ ਖੋਲ੍ਹਣਹਾਰੀ,
ਉੱਡਣਗੇ ਫਿਰ ਵਾਂਗਰ ਬਾਜ਼ਾਂ, ਖ੍ਵਾਬ ਖ਼ਿਆਲ ਜੋ ਵਖ਼ਤਾਂ ਮਾਰੇ।

ਪੰਛੀਆਂ ਦੇ ਆਜ਼ਾਦ ਪਰਾਂ ਨੂੰ, ਬੰਧਨ ਲਾਉਂਦੇ ਸ਼ਾਤਰ ਭਾਵੇਂ,
ਨਾ ਭੁੱਲੀ, ਉੱਡ ਜਾਂਦੇ ਹਿੰਮਤੀ, ਡੋਰਾਂ ਲੈ ਕੇ ਉੱਡਣਹਾਰੇ।

ਪਿੰਜਰੇ ਅੰਦਰ ਚੂਰੀਆਂ ਖਾਂਦੇ, ਵਿੱਚ ਬਗੀਚੇ ਅੰਬੀਆਂ ਟੁੱਕਣ,
ਤੋਤਾ ਚਸ਼ਮ ਨਸਲ ਦੇ ਪੰਛੀ, ਹਰ ਥਾਂ ਹੋ ਗਏ ਕਾਬਜ਼ ਸਾਰੇ।

ਮੈਂ ਸਮਿਆਂ ਦਾ ਰੋਜ਼ਨਾਮਚਾ ਮੁਣਸ਼ੀ ਵਾਂਗੂੰ ਲਿਖਦਾ ਰਹਿੰਦਾਂ,
ਕੀ ਕਰਦਾ ਜੇ ਕੋਲ ਨਾ ਹੁੰਦੇ, ਪੁਰਖਿਆਂ ਦਿੱਤੇ ਸ਼ਬਦ ਸਹਾਰੇ।

41