ਪੰਨਾ:ਰਾਵੀ - ਗੁਰਭਜਨ ਗਿੱਲ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਲਈ ਦਰਿਆ ਹੈ ਰਾਵੀ, ਮੇਰੇ ਲਈ ਇਹ ਦੇਸ ਵੀਰਿਆ।
ਧਰਮੀ ਬਾਬਲ, ਮਾਂ ਹੈ ਰਾਵੀ, ਇਸ ਓਹਲੇ ਪਰਦੇਸ ਵੀਰਿਆ।

ਤੂੰ ਕੀ ਜਾਣੇ ਡੇਹਰੇ* ਜਾ ਕੇ, ਕੀ ਕੁਝ ਟੁੱਟਦਾ ਮੇਰੇ ਅੰਦਰੋਂ,
ਪੂਰਾ ਪੱਥਰ ਹੋਇਆ ਨਹੀਂ ਮੈਂ, ਹਾਲੇ ਅੰਦਰ ਲੇਸ ਵੀਰਿਆ।

ਪੰਜ ਸਦੀਆਂ ਜੋ ਪਹਿਲਾਂ ਬੀਜਿਆ, ਗੁਰ ਮੇਰੇ ਰਾਵੀ ਦੇ ਕੰਢੇ,
ਫ਼ਸਲ ਨਿਖ਼ਸਮੀ ਵਾਂਗੂੰ ਹੁਣ ਤਾਂ, ਸੁੱਕ ਰਿਹਾ ਉਪਦੇਸ ਵੀਰਿਆ।

ਵਗਦਾ ਪਾਣੀ, ਅੱਖ ਦੇ ਅੱਥਰੂ, ਆਪੋ ਆਪਣੀ ਪੀੜ ਸੁਣਾਉਂਦੇ,
ਬਿਰਖ਼ ਉਦਾਸ, ਹਵਾਵਾਂ ਸੋਗੀ, ਦਿਲ ਤੇ ਡੂੰਘੀ ਠੇਸ ਵੀਰਿਆ।

ਕਿੰਜ ਵਿਸਾਰਾਂ ਗੁੜ੍ਹਤੀ ਵਾਂਗੂੰ, ਮਿਲੀਆਂ ਯਾਦਾਂ ਤੇ ਖ਼ੁਸ਼ਬੋਆਂ,
ਮੈਂ ਤਾਂ ਮਾਂ ਦਾ ਬੁੰਬਲਾਂ ਵਾਲਾ, ਸਾਂਭ ਕੇ ਰੱਖਿਆ ਖੇਸ ਵੀਰਿਆ।

ਸੱਤਰ ਸਾਲ ਖ਼ਰਚ ਕੇ ਹਾਲੇ, ਮਲ੍ਹਮ ਵਲਾਇਤੀ ਵਰਤ ਰਹੇ ਹਾਂ,
ਸੂਰਮਿਆਂ ਦੇ ਖ੍ਵਾਬ ਦੀ ਰਲ ਮਿਲ, ਕੀਤੀ ਪੱਟੀ ਮੇਸ ਵੀਰਿਆ।

ਰਾਵੀ ਕੰਢੇ ਹਾਲੇ ਤੱਕ ਵੀ ਆਲਮ* ਯਮਲਾ* ਮਿਲ ਕੇ ਬਣਦੇ,
ਬੇਵਤਨਾਂ, ਬੇਜਿਸਮਾਂ ਖ਼ਾਤਰ, ਸੁਰ ਦਾ ਰੰਗਲਾ ਵੇਸ ਵੀਰਿਆ।

* ਡੇਰਾ ਬਾਬਾ ਨਾਨਕ, *ਆਲਮ ਲੋਹਾਰ, *ਲਾਲ ਚੰਦ ਯਮਲਾ ਜੱਟ

42