ਪੰਨਾ:ਰਾਵੀ - ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਚੜ੍ਹਿਆਂ ਤੇ ਵੇਖੀ ਜਦ ਮੈਂ, ਚੰਨ ਦੇ ਟੁਕੜੇ ਸਿਰ ਫ਼ੁਲਕਾਰੀ।
ਇਉਂ ਲੱਗਿਆ ਰੱਬ ਵਿਹਲੇ ਬਹਿ ਕੇ, ਤੇਰੀ ਸੂਰਤ ਆਪ ਸ਼ਿੰਗਾਰੀ।

ਬਿਨ ਮੰਗੇ ਤੋਂ ਏਨੀ ਰਹਿਮਤ, ਮੇਰੀ ਨਿੱਕੀ ਝੋਲੀ ਅੰਦਰ,
ਮਹਿਕ ਗਿਆ ਹੈ ਤਨ ਮਨ ਮੇਰਾ, ਮਿਹਰ ਤੇਰੀ ਸਦਕੇ ਬਲਿਹਾਰੀ।

ਇੱਕੋ ਥਾਂ ਤੇ ਏਨੇ ਦੀਵੇ, ਜਗਮਗ ਨੂਰੋ ਨੂਰ ਚੁਫ਼ੇਰਾ,
ਰਾਤ ਗਈ ਕਰ ਗੋਲ ਬਿਸਤਰਾ, ਹੁਣ ਸੂਰਜ ਦੀ ਆ ਗਈ ਵਾਰੀ।

ਇੱਕ ਦੋ ਬੋਲ ਮਿਸ਼ਰੀਉਂ ਮਿੱਠੇ, ਜਿਉ ਮਿਲ ਗਈ ਹੈ ਦਾਤ ਇਲਾਹੀ,
ਇਤਰ ਸਮੁੰਦਰ ਦੇ ਵਿੱਚ ਲੱਗਦੈ, ਰੂਹ ਨਿਰਵਸਤਰ ਲਾਵੇ ਤਾਰੀ।

ਹਾਸਿਆਂ ਵਿੱਚ ਛਣਕਾਰ ਘੁੰਗਰੀਆਂ, ਛਣਕਦੀਆਂ ਨੇ ਪੌਣਾਂ ਅੰਦਰ,
ਤਪਦੀ ਰੂਹ ਤੇ ਪੈਣ ਫੁਹਾਰਾਂ, ਕਿਣਮਿਣ ਕਣੀਆਂ ਹਿੱਕੜੀ ਠਾਰੀ।

ਚੰਦਨ ਗੇਲੀ ਚੀਰਨ ਵਾਲੇ, ਇਸ ਗੱਲ ਤੋਂ ਅਣਜਾਣ ਜਾਪਦੇ,
ਸਮਝਣ ਲੱਕੜੀ ਲੱਕੜਹਾਰੇ, ਮਹਿਕਾਂ ਦੀ ਜੜ੍ਹ ਫੇਰਨ ਆਰੀ।

ਜਿੱਦਾਂ ਮਹਿਕੇ ਅੰਬ ਸੰਧੂਰੀ, ਜਾਂ ਮਰੂਏ ਦਾ ਬੂਟਾ ਕਿਧਰੇ,
ਰੂਹ ਦੇ ਬਾਗੀਂ, ਇਉਂ ਲੱਗਿਆ ਹੈ, ਮੈਨੂੰ ਤੂੰ ਆਵਾਜ਼ ਹੈ ਮਾਰੀ।

43