ਪੰਨਾ:ਰਾਵੀ - ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰ ਤੇ ਲੈ ਬੱਦਲਾਂ ਦੀ ਚੰਨੀ, ਆ ਅੰਬਰ ਵਿੱਚ ਪੀਂਘ ਚੜ੍ਹਾਈਏ।
ਅਨਹਦ ਨਾਦ ਵਜਾਈਏ ਰੂਹ ਦਾ, ਪੌਣਾਂ ਨੂੰ ਗਲਵੱਕੜੀ ਪਾਈਏ।

ਜੇ ਬਦਰੰਗਾ ਮੌਸਮ ਚੰਦਰਾ, ਸਾਹੀਂ ਬੇਵਿਸ਼ਵਾਸੀ ਘੋਲੇ,
ਆਪਣੇ ਰੰਗ ਦੀ ਡੱਬੀ ਵਿੱਚੋਂ ਇੱਕ ਦੋ ਬੁਰਸ਼ ਅਸੀਂ ਵੀ ਲਾਈਏ।

ਹਰ ਰਿਸ਼ਤੇ ਦੀ ਆਪਣੀ ਸੀਮਾ, ਪਰ ਖੁਸ਼ਬੋਈ ਅਨਹਦ ਹੋਵੇ,
ਕੋਸ਼ਿਸ਼ ਕਰੀਏ ਤਨ ਤੋਂ ਅੱਗੇ, ਮਨ ਮੰਦਰ ਵਿੱਚ ਧੂਫ਼ ਧੁਖਾਈਏ।

ਸ਼ਬਦ ਸਲਾਮਤ ਰਹਿਣ ਹਮੇਸ਼ਾਂ, ਜੇ ਸਾਹਾਂ ਵਿੱਚ ਬਰਕਤ ਹੋਵੇ,
ਸਾਹਾਂ ਦੀ ਬਰਕਤ ਦੀ ਖ਼ਾਤਰ, ਹਰਕਤ ਨੂੰ ਵੀ ਨਾਲ ਮਿਲਾਈਏ।

ਰੂਹ ਮੇਰੀ ਦੇ ਚਸ਼ਮੇ ਵਿੱਚੋਂ, ਲਾ ਲੈ ਡੀਕਾਂ ਪਿਆਸ ਬੁਝਾ ਲੈ,
ਨਿੱਤਰੇ ਪਾਣੀ ਭਰੇ ਸਰੋਵਰ, ਨਿਰਮਲ ਜਲ ਤੇ ਤਰ ਮੁਰਗਾਈਏ।

ਪਾਕ ਮੁਹੱਬਤ ਖ਼ਾਤਰ ਧਰਤੀ, ਹਾਲੇ ਤੀਕਰ ਬਹੁਤ ਛੋਟੇਰੀ,
ਆ ਕਿਰਨਾਂ ਦੀ ਪੀਂਘ ਚੜ੍ਹਾਈਏ, ਸੂਰਜ ਓਹਲੇ ਦੀ ਥਾਹ ਪਾਈਏ।

ਹੱਦ ਬੰਦੀਆਂ ਤਾਂ ਮਨ ਤੋਂ ਮਨ ਨੂੰ, ਦੂਰ ਕਰਦੀਆਂ ਵੇਖ ਲਿਆ ਏ,
ਚਾਰ ਦੀਵਾਰਾਂ ਵਿੱਚ ਨਾ ਘਿਰੀਏ, ਜਦ ਦਿਲ ਚਾਹੇ ਆਈਏ ਜਾਈਏ।

44