ਪੰਨਾ:ਰਾਵੀ - ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਪਾਸੇ ਕੰਜਕਾਂ ਨੂੰ ਪੂਜੋ, ਦੂਜੇ ਬੰਨੇ ਕੁਖ਼ ਵਿੱਚ ਮਾਰੋ।
ਨਸਲਘਾਤ ਕਰਵਾ ਬੈਠੋਗੇ, ਸਮਝੋ! ਸਮਝੋ! ਬਰਖ਼ੁਰਦਾਰੋ।

ਪੁੱਤਰ ਦਾਤ ਲਈ ਅਰਦਾਸਾਂ, ਜੋ ਜੰਮਹਿ ਰਾਜਾਨ ਵੀ ਗਾਉ,
ਇਹ ਦੋ ਅਮਲੀ ਕਦ ਛੱਡੋਗੇ, ਓ ਧਰਮਾਂ ਦੇ ਪਹਿਰੇਦਾਰੋ।

ਮਨ ਤੇ ਮੁੱਖ ਦੇ ਅੰਤਰ ਨੂੰ ਤਾਂ, ਸ਼ੇਖ਼ ਫ਼ਰੀਦ ਵੀ ਲਾਣ੍ਹਤ ਪਾਈ,
ਮਨ ਦਾ ਸ਼ੀਸ਼ਾ ਸਾਫ਼ ਕਰਨ ਲਈ, ਆਪਣੇ ਅੰਦਰ ਝਾਤੀ ਮਾਰੋ।

ਸੋਨ ਸੁਨਹਿਰੀ ਸੁਪਨੇ ਚੋਰੀ ਕਰਦੇ ਫਿਰਦੇ ਚੋਰ ਲੁਟੇਰੇ,
ਭਲਕ ਸੰਵਾਰਨ ਖ਼ਾਤਰ ਸੁੱਤੇ, ਜਾਗ ਪਵੋ ਸਿੰਘੋ ਸਰਦਾਰੋ।

ਇੱਕ ਵਾਰੀ ਜੈਕਾਰਾ ਲਾ ਕੇ, ਬਹਿ ਨਾ ਜਾਇਓ ਸ਼ੇਰ ਬਾਂਕਿਓ,
ਢਾਹ ਦੇਵੋ ਇਹ ਕੰਧ ਜਰਜਰੀ, ਹੋਰ ਜ਼ੋਰ ਦੀ ਹੱਲਾ ਮਾਰੋ।

ਕਿਉਂ ਐਸੇ ਹਾਲਾਤ ਬਣਨ ਜੀ, ਕਲੀਆਂ ਬਿਨਾ ਕਿਆਰੀ ਸੁੰਨੀ,
ਅਧਖਿੜੀਆਂ ਨੂੰ ਮੁਸਲੀ ਜਾਓ ਵੀਰੋ ਵੇ ਕਿਉਂ ਕਹਿਰ ਗੁਜ਼ਾਰੋ।

ਇਹ ਰਾਹ ਸਿਵਿਆਂ ਦੇ ਵੱਲ ਜਾਵੇ ਅਣਜੰਮੀ ਵੀ ਮੈਂ ਇਹ ਜਾਣਾਂ,
ਜਿੱਧਰ ਨੂੰ ਲੈ ਚੱਲੇ ਡੋਲੀ, ਆਪਣੀ ਧੀ ਦੀ ਆਪ ਕਹਾਰੋ।

45