ਪੰਨਾ:ਰਾਵੀ - ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫੁੱਲਾਂ ਦੇ ਰੰਗ ਕਾਲ਼ੇ ਕਿਉਂ ਨੇ।
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲੇ ਕਿਉਂ ਨੇ।

ਸੱਤਰ ਸਾਲ ਆਜ਼ਾਦੀ ਜਿਹੜੇ, ਘਰ ਪਰਿਵਾਰਾਂ ਰਲ਼ ਕੇ ਚੁੰਘੀ,
ਨੀਤਾਂ ਵਾਲੇ ਖ਼ਾਲਮ ਖ਼ਾਲੀ, ਅੱਜ ਤੀਕਰ ਵੀ ਆਲ਼ੇ ਕਿਉਂ ਨੇ।

ਭੋਗੀ ਯੋਗੀ ਰਲ ਗਏ ਵੇਖੋ, ਕਦ ਏਥੇ ਇਕਤਾਰਾ ਬੋਲੂ,
ਤੇਰੇ ਮੇਰੇ ਸਭ ਦੇ ਮੂੰਹ ਤੇ, ਅਣਦਿਸਦੇ ਜਹੇ ਤਾਲ਼ੇ ਕਿਉਂ ਨੇ।

ਕੱਲ੍ਹ ਜੰਮੇ ਅੱਜ ਗੱਭਰੂ ਹੋ ਗਏ, ਦੇਣ ਹਕਾਇਤਾਂ, ਆਪਾਂ ਸੁਣੀਏ,
ਬਿਨ ਕੁਰਬਾਨੀ ਕੁਰਸੀ ਬੈਠੇ, ਰਾਣੀ ਖਾਂ ਦੇ ਸਾਲ਼ੇ ਕਿਉਂ ਨੇ।

ਦਾਤਾ ਤੇਰੇ ਘਰ ਦੇ ਅੰਦਰ, ਡੱਠ ਨੇ ਗਈਆਂ ਬਾਈ ਮੰਜੀਆਂ,
ਧਰਮ ਗੁਆਚਾ ਧੜਿਆਂ ਪਿੱਛੇ, ਇਹ ਸਭ ਘਾਲ਼ੇ ਮਾਲ਼ੇ ਕਿਉਂ ਨੇ।

ਤੂੰ ਵੀ ਜੇਕਰ ਇੱਕੋ ਇੱਕ ਹੈਂ, ਸੂਰਜ ਵਾਂਗੂੰ ਸਭ ਦਾ ਸਾਂਝਾ,
ਏਸ ਤਰ੍ਹਾਂ ਵਿਸ਼ਵਾਸਾਂ ਦੇ ਵੀ, ਹੁੰਦੇ ਰੋਜ਼ ਉਧਾਲ਼ੇ ਕਿਉਂ ਨੇ।

ਤੂੰ ਸੀ ਸਾਡਾ ਰਾਹ ਰੁਸ਼ਨਾਉਣਾ, ਭੁੱਲੇ ਭਟਕੇ ਰਾਹੇ ਪਾਉਣਾ,
ਵੰਨ ਸੁਵੰਨੇ ਰਾਹੂ ਕੇਤੂ, ਤੇਰੇ ਆਲ਼ੇ ਦੁਆਲ਼ੇ ਕਿਉਂ ਨੇ।

46