ਪੰਨਾ:ਰਾਵੀ - ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਕੁੜੀਆਂ ਨਹੀਂ ਚੰਨ ਤੇ ਜਾਂਦੀਆਂ, ਨਾ ਹੀ ਲਾਉਣ ਉਡਾਰੀਆਂ ਜੀ।
ਬਹੁਤੀਆਂ ਨੇ ਸਿਰ ਅੱਜ ਵੀ ਚੁੱਕੀਆਂ, ਬੋਝਲ ਪੰਡਾਂ ਭਾਰੀਆਂ ਜੀ।

ਕੱਚੇ ਰਾਹ ਜਾਂ ਪੱਕੇ ਹੋਵਣ, ਤੁਰਨਾ ਪੈਣੈਂ ਸਾਨੂੰ ਪੈਦਲ,
ਸਾਡੇ ਅੱਖੀਂ ਘੱਟਾ ਪਾਉਂਦੀਆਂ, ਕਿਉਂ ਇਹ ਗੱਡੀਆਂ ਲਾਰੀਆਂ ਜੀ।

ਕੁਖ਼ ਵਿੱਚ ਮਾਰਨ ਜਾਂ ਫਿਰ ਸਾੜਨ, ਧੀਆਂ ਧਰਮ ਧਰੇਕਾਂ ਨੂੰ,
ਕਿਉਂ ਸਾਡੇ ਪੱਲੇ ਵਿੱਚ ਪੈਂਦੀਆਂ, ਵੱਡੀਆਂ ਬੇ ਇਤਬਾਰੀਆਂ ਜੀ।

ਨਾ ਕਹਿ ਸਾਨੂੰ ਘਰ ਦਾ ਗਹਿਣਾ, ਖ਼ਤਮ ਕਰੋ ਹੁਣ ਨਾਟਕ ਨੂੰ,
ਮਰਦ ਬਰਾਬਰ ਹੀ ਨਾ, ਵੱਧ ਨੇ, ਸਿਰ ਤੇ ਜ਼ਿੰਮੇਵਾਰੀਆਂ ਜੀ।

ਜਦ ਤੂੰ ਮੇਰਾ ਸਾਥ ਦਏਂ ਤਾਂ, ਅੰਬਰ ਚੀਰ ਵਿਖਾ ਦੇਵਾਂ,
ਬੁੱਕਲ ਦੇ ਵਿੱਚ ਲੈ ਕੇ ਧਰਤੀ, ਸਾਗਰ ਲਾਵਾਂ ਤਾਰੀਆਂ ਜੀ।

ਤੇਰੇ ਨਾਲ ਬਰਾਬਰ ਹਰ ਥਾਂ, ਤੁਰਦੀ ਹਾਂ ਪਰ ਦਿਸਦੀ ਨਾ,
ਗਿਣਦਾ ਗਿਣਦਾ ਥੱਕ ਜਾਂਦਾ ਏਂ, ਜੋ ਮੈਂ ਮੱਲਾਂ ਮਾਰੀਆਂ ਜੀ।

ਘਰ ਵਿੱਚ ਤੇਰੇ ਜ਼ਹਿਮਤ ਦੀ ਥਾਂ, ਰਹਿਮਤ ਜਿੱਥੇ ਵੱਸਦੀ ਹੈ,
ਇਹ ਤਾਂ ਬਹੁਕਰ* ਨਾਲ ਸੋਹਣਿਆ, ਮੈਂ ਹੀ ਜਗ੍ਹਾ ਬੁਹਾਰੀਆਂ ਜੀ।

*ਝਾੜੂ, ਮਾਂਜਾ

47