ਪੰਨਾ:ਰਾਵੀ - ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਦਮ ਤੈਨੂੰ ਚੇਤੇ ਕੀਤਾ, ਉਸ ਪਲ ਬੂਹੇ ਦਸਤਕ ਹੋਈ।
ਰੂਹ ਦੀ ਤਰਬ ਜਗਾ ਕੇ ਮੇਰੇ, ਅੰਦਰ ਤੀਕ ਹਿਲਾ ਗਿਆ ਕੋਈ।

ਜਿਸਮ ਨਹੀਂ ਨਾ ਸੂਰਤ ਦੇਖੀ, ਰੂਪ ਨਹੀਂ ਨਾ ਰੰਗ ਸੀ ਉਸਦਾ,
ਯਾਦ ਕਰਾਂ ਜੇ ਹੁਣ ਵੀ ਉਹ ਪਲ, ਕਣ ਕਣ ਵਿੱਚ ਲਰਜ਼ੇ ਖ਼ੁਸ਼ਬੋਈ।

ਧਰਮ ਜ਼ਾਤ ਨਾ ਇਸ ਦਾ ਹੋਵੇ, ਰਿਸ਼ਤਾ ਤਾਂ ਅਹਿਸਾਸ ਦਾ ਨਾਂ ਹੈ,
ਇਹ ਤਾਂ ਧੜਕੇ ਰੋਮ ਰੋਮ ਵਿੱਚ, ਸਾਹੀਂ ਜੀਕੂੰ ਨਬਜ਼ ਪਰੋਈ।

ਮੈਂ ਚਾਨਣ ਦਾ ਨੂਰ ਇਲਾਹੀ, ਤੇਰੇ ਨੈਣਾਂ ਦੇ ਵਿੱਚ ਤੱਕਿਐ,
ਪਲਕਾਂ ਅੰਦਰ ਕਿੱਦਾਂ ਰੱਖਦੀ, ਤੂੰ ਇਹ ਤਾਰੇ ਚੰਨ ਲਕੋਈ।

ਠਾਰੇ ਪੱਤ ਟਾਹਣੀਆਂ ਸਾਰੇ, ਵਣ ਤ੍ਰਿਣ ਪੋਹ ਪਾਲੇ ਨੇ ਮਾਰੇ,
ਵੇਖ ਫੁਟਾਰਾ ਚੜ੍ਹਦੇ ਚੇਤਰ, ਹਰ ਟਾਹਣੀ ਮੁੜ ਨਵੀਂ ਨਰੋਈ।

ਸੌ ਜਨਮਾਂ ਦੇ ਵਿੱਛੜੇ ਮਾਧੋ, ਕਿਸ ਵੇਲੇ ਤੂੰ ਮੇਲ ਮਿਲਾਇਆ,
ਵਗਦੇ ਦਰਿਆ ਠਹਿਰੇ ਜਾਪਣ, ਰਾਤ ਲਪੇਟੀ ਕਾਲ਼ੀ ਲੋਈ।

ਸੂਰਜ ਤੀਕਰ ਪੀਂਘ ਚੜ੍ਹਾ ਕੇ, ਆ ਅੰਬਰ ਵਿੱਚ ਤਾਰੀ ਲਾਈਏ,
ਕੁੱਲ ਸ੍ਰਿਸ਼ਟੀ ਨੂੰ ਇਹ ਦੱਸੀਏ, ਮੈਂ ਤੇਰਾ ਤੂੰ ਮੇਰੀ ਹੋਈ।

48