ਸਮੱਗਰੀ 'ਤੇ ਜਾਓ

ਪੰਨਾ:ਰਾਵੀ - ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣੇ ਹੁਣੇ ਬੱਸ ਚੇਤੇ ਕੀਤਾ, ਓਸੇ ਪਲ ਆਹ ਸੂਰਜ ਚੜ੍ਹਿਆ।
ਕਿਰਨਾਂ ਚਾਰ ਚੁਫੇਰੇ ਝੁਰਮਟ, ਤੂੰ ਇਹ ਕਿਹੜਾ ਮੰਤਰ ਪੜ੍ਹਿਆ।

ਦਿਨ ਤੇ ਰਾਤ ਮਿਲਾ ਕੇ ਚੌਵੀ, ਘੰਟੇ ਹੁੰਦੇ ਰੋਜ਼ ਦਿਹਾੜੀ,
ਮੇਰੇ ਸਾਹਾਂ ਅੰਦਰ ਧੜਕੇਂ, ਲਾਵੇਂ ਅੱਖ, ਘੜੀ ਨਾ ਅੜਿਆ।

ਮਨ ਸਾਂਭਣ ਲਈ ਤਨ ਦੀਵਾਰਾਂ, ਮਨ ਤੇ ਪਹਿਰਾ ਇਸ ਦੀ ਖ਼ਾਤਰ,
ਮਹਿਕ ਤੇਰੀ ਦਾ ਮਾਣਕ ਮੋਤੀ, ਦਿਸਦਾ ਨਹੀਂ, ਇਹ ਮੁੰਦਰੀ ਜੜਿਆ।

ਅਜੇ ਝਨਾਂ ਚੋਂ ਆਉਣ ਆਵਾਜ਼ਾਂ, ਪਾਰ ਲੰਘਾ ਦੇ ਸੋਹਣੀ ਨੂੰ ਤੂੰ,
ਵੇ ਵੀਰਾ ਵੇ ਜੀਣ ਜੋਗਿਆ, ਖ਼ੁਰ ਨਾ ਜਾਵੀਂ ਸਿਦਕੀ ਘੜਿਆ।

ਪੀਂਘ ਹੁਲਾਰੇ ਮਾਰ ਭਰ ਦਿਆਂ, ਸੂਰਜ ਤੋਂ ਵੀ ਪਾਰ ਉਡਾਰੀ,
ਤੂੰ ਮਿਲਿਆ ਮਨ ਚੰਬਾ ਖਿੜਿਆ, ਜਾਪੇ ਜਿਉਂ ਹੈ ਚੇਤਰ ਚੜ੍ਹਿਆ।

ਤੇਰੇ ਮੋਹ ਦੀ ਰਿਸ਼ਮ ਸੁਨਹਿਰੀ, ਮਹਿਕ ਰਹੀ ਚੰਬੇਲੀ ਵਾਂਗਰ,
ਵੇਖ ਤੇਰੇ ਅਹਿਸਾਸ ਦੀ ਕੰਨੀ, ਨੂੰ ਮੈਂ, ਕਿੰਨਾ ਘੁੱਟ ਕੇ ਫੜਿਆ।

ਦਿਨ ਦੇ ਚਿੱਟੇ ਚਾਨਣ ਅੰਦਰ, ਤੇਰੇ ਨੈਣਾਂ ਕੀ ਨਹੀਂ ਕੀਤਾ,
ਫੇਰ ਪਤਾ ਨਹੀਂ ਕਿਉਂ ਤੂੰ ਸਾਰਾ, ਦੋਸ਼ ਹਨ੍ਹੇਰੇ ਦੇ ਸਿਰ ਮੜ੍ਹਿਆ।

50