ਪੰਨਾ:ਰਾਵੀ - ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਬਰੇ ਹੈ ਇਹ ਕਿਸ ਦਾ ਚਿਹਰਾ, ਜਿਸ ਨੂੰ ਆਖਣ ਵਤਨ ਪਿਆਰਾ।
ਕਾਲੇ ਕਰਮੀਂ, ਮਾਰ ਨਹੁੰਦਰਾਂ, ਕੀਤਾ ਇਸ ਨੂੰ ਜ਼ਖ਼ਮੀ ਸਾਰਾ।

ਇਸ ਵਿਚ ਕਿੱਥੇ ਸੁਰਗ ਨਜ਼ਾਰੇ, ਕਸ਼ਮੀਰੀ ਸੇਬਾਂ ਜਹੇ ਬੱਚੇ,
ਕਿੱਥੇ ਮੇਰੇ ਦੇਸ ਪੰਜਾਬ ਦਾ, ਪਹਿਲ ਪਲੱਕੜਾ ਸੁਰਗ ਨਜ਼ਾਰਾ?

ਕਿਸ ਧਰਤੀ ਤੋਂ ਸੂਰਜ ਚੜ੍ਹਦਾ, ਡੁੱਬਦਾ ਦੱਸੋ ਕਿੱਥੇ ਜਾ ਕੇ,
ਕਿੱਥੇ ਉੱਗਣ ਸਬਜ਼ ਲੈਚੀਆਂ, ਕਿਸ ਥਾਂ ਤੇ ਹੈ ਲੌਗ ਕਿਆਰਾ?

ਗਿੱਧਾ ਚੁੱਪ, ਗਵਾਚਾ ਬੀਹੂ, ਗੁੰਮ ਸੁੰਮ ਝੂਮਰ, ਕਿੱਕਲੀ, ਲੁੱਡੀ,
ਨਿੰਮੋਝੂਣ ਧਮਾਲ ਪਈ ਹੈ, ਸੰਮੀ ਦਾ ਨਾ ਚਿੱਤ ਕਰਾਰਾ।

ਹੱਦਾਂ ਤੇ ਸਰਹੱਦ ਦੀ ਰਾਖੀ, ਕਰਨ ਬੰਦੂਕਾਂ ਦਿਨ ਤੇ ਰਾਤੀਂ,
ਦੱਸੋ ਕੌਣ ਲਗਾਉਂਦਾ ਏਦਾਂ, ਕੁੱਲੀਆਂ ਬੂਹੇ ਜੰਦਰਾ ਭਾਰਾ।

ਸੋਨ ਚਿੜੀ ਦੇ ਖੰਭਾਂ ਉੱਤੇ, ਨਜ਼ਰ ਟਿਕਾਈ ਬੈਠੇ ਤਾਜਰ,
ਕੌਣ ਬਚਾਵੇਗਾ ਦੱਸ ਤੈਨੂੰ, ਏਥੇ ਤੇਰਾ ਕੌਣ ਵਿਚਾਰਾ?

ਮੈਂ ਆਪਣਾ ਮਨ ਜੇਕਰ ਚਾਹਾਂ, ਖੋਲ੍ਹ ਦਿਆਂ ਪਰ ਕਿਸ ਥਾਂ ਖੋਲ੍ਹਾਂ,
ਗ਼ਜ਼ਲਾਂ ਤੇ ਕਵਿਤਾਵਾਂ ਤੋਂ ਬਿਨ, ਦੱਸੋ ਮੇਰਾ ਕੌਣ ਸਹਾਰਾ?

51