ਪੰਨਾ:ਰਾਵੀ - ਗੁਰਭਜਨ ਗਿੱਲ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੜਪ ਰਿਹੈ ਸੌ ਸਾਲ ਤੋਂ ਮਗਰੋਂ, ਜੱਲ੍ਹਿਆਂ ਵਾਲਾ ਬਾਗ ਅਜੇ ਵੀ।
ਡਾਇਰ ਤੇ ਓਡਵਾਇਰ ਰਲ ਕੇ, ਗਾਉਂਦੇ ਓਹੀ ਰਾਗ ਅਜੇ ਵੀ।

ਆਜ਼ਾਦੀ ਦਾ ਮੁਕਤੀ ਮਾਰਗ, ਹਾਲੇ ਕਿੰਨੀ ਦੂਰ ਸਵੇਰਾ,
ਥਾਲੀ ਵਿੱਚ ਅਣਚੋਪੜੀਆਂ ਤੇ, ਨਾਲ ਅਲੂਣਾ ਸਾਗ ਅਜੇ ਵੀ।

ਸਰਹੱਦਾਂ ਤੇ ਪਹਿਰੇਦਾਰੀ, ਕਰ ਕਰ ਹਾਰੇ ਕੁੱਲੀਆਂ ਢਾਰੇ,
ਸੋਗ ਸੁਨੇਹੇ ਫਿਰਨ ਬਨੇਰੇ, ਕੁਰਲਾਉਂਦਾ ਹੈ ਕਾਗ ਅਜੇ ਵੀ।

ਸੁੱਤਿਆ ਲੋਕਾ ਤੇਰੀ ਗਠੜੀ, ਲੈ ਚੱਲੇ ਨੇ ਚੋਰ, ਮੁਸਾਫ਼ਿਰ,
ਘਰ ਨੂੰ ਸਾਂਭਣ ਖ਼ਾਤਿਰ ਤੈਨੂੰ, ਕਿਉਂ ਨਾ ਆਵੇ ਜਾਗ ਅਜੇ ਵੀ।

ਧਰਮ ਖੇਤ ਦੇ ਅੰਦਰ ਦੱਬੀ, ਸਾਰੀ ਫ਼ਸਲ ਨਦੀਨਾਂ ਮਾਰੀ,
ਮਨ ਮੰਦਿਰ ਵਿੱਚ ਕੁਫ਼ਰ ਪਸਾਰਾ, ਕਹੀਏ ਸੁੱਤੇ ਭਾਗ ਅਜੇ ਵੀ।

ਛੇ ਸਦੀਆਂ ਤੋਂ ਮਗਰੋਂ ਅੱਜ ਵੀ, ਮੇਰੀ ਕੁੱਲੀ ਓਸੇ ਥਾਂ ਤੇ,
ਜਿੱਥੇ ਛੱਡ ਕੇ ਗਿਆ ਕਬੀਰਾ, ਗਲ ਕਟੀਅਨ ਕੇ ਲਾਗ ਅਜੇ ਵੀ।

ਧਨਵੰਤੇ ਪਤਵੰਤੇ ਬਣ ਗਏ, ਰੋਲਣ ਪੱਤ ਜ਼ਮੀਰਾਂ ਬਦਲੇ,
ਗੁਣਵੰਤੇ ਛੱਡ, ਬੇਕਦਰਾਂ ਹੱਥ, ਸਮਿਆਂ ਵਾਲੀ ਵਾਗ ਅਜੇ ਵੀ।

52