ਪੰਨਾ:ਰਾਵੀ - ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਡ ਤਰਲੋਚਨ ਬੀਤੀਆਂ ਗੱਲਾਂ, ਕੀ ਲੈਣਾ ਏਂ ਹੌਕੇ ਭਰ ਕੇ।
ਏਨੇ ਕਦਮ ਸਬੂਤੇ ਰਹਿ ਗਏ, ਸਫ਼ਰ ਸਹੀ, ਵਿਸ਼ਵਾਸ ਦੇ ਕਰਕੇ।

ਗਰਦਨ ਸਿੱਧੀ ਰੱਖਣਾ ਕਹਿ ਕੇ, ਪੈਂਦਾ ਹੈ ਤਲਵਾਰ ਤੇ ਤਰਨਾ,
ਜੇ ਤੁਰ ਪਉ ਇੱਕ ਵਾਰ ਫੇਰ ਤਾਂ, ਮੁੜਦੇ ਹੋ ਮੰਜ਼ਿਲ ਸਰ ਕਰਕੇ।

ਕੱਲ੍ਹਿਆਂ ਤੁਰਨਾ ਔਖਾ ਹੈ ਪਰ, ਮੇਰੇ ਅੰਗ ਸੰਗ ਕਿੰਨੇ ਸਾਥੀ,
ਸਬਰ, ਸਿਦਕ, ਸੰਤੋਖ, ਸਮਰਪਣ, ਰੂਹ ਮੇਰੀ ਦੇ ਸੂਹੇ ਵਰਕੇ।

ਕਿੰਨੀ ਵਾਰੀ ਮੋੜਾਂ ਬੂਹਿਉਂ, ਆ ਜਾਂਦਾ ਬਾਜ਼ਾਰ ਖ਼ਰੀਦਣ,
ਵਿਕਿਆ ਨਹੀਂ ਮੈਂ, ਤਾਂ ਹੀ ਝਾਕੇ, ਅੱਖੀਆਂ ਅੰਦਰ ਹਸਰਤ ਭਰ ਕੇ।

ਕੋਲ਼ੇ ਵਾਲੀ ਖਾਣ 'ਚ ਦੋਧੇ, ਵਸਤਰ ਚਿੱਟੇ ਰੱਖਣ ਖਾਤਰ,
ਸੱਚ ਪੁੱਛੇਂ ਤਾਂ ਜੀਣਾ ਪੈਂਦਾ, ਪਲ ਅੰਦਰ ਸੌ ਵਾਰੀ ਮਰ ਕੇ।

ਕੌੜਾ ਤੁੰਮਾ ਸੌ ਰੋਗਾਂ ਦੀ, ਜੜ੍ਹ ਦਾ ਵੈਰੀ ਰੁਲਦਾ ਤਾਂਹੀਂਉਂ,
ਮਿੱਠਾ ਹੈ ਖਰਬੂਜ਼ਾ, ਵਿਕਦਾ ਮੰਡੀ ਦੇ ਵਿੱਚ ਏਸੇ ਕਰਕੇ।

ਹੇ ਗੁਰਸ਼ਬਦ! ਨਾ ਡੋਲਣ ਦੇਵੀਂ, ਇੱਕ ਸਤਰੀ ਅਰਦਾਸ ਕਰਾਂ ਮੈਂ,
ਭੁੱਲ ਜਾਂਦਾ ਹਾਂ ਕਿੰਨੀ ਵਾਰੀ, ਸਿਰ ਤੇਰੇ ਕਦਮਾਂ ਤੇ ਧਰ ਕੇ।

53