ਪੰਨਾ:ਰਾਵੀ - ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਗਿਆ ਵਿਸ਼ਵਾਸ, ਪਰਤਾਂਗਾ, ਜਵਾਨੀ ਲੈ ਗਿਆ।
ਜਾਣ ਲੱਗਾ ਵਕਤ ਮੈਥੋਂ, ਕੀ ਨਿਸ਼ਾਨੀ ਲੈ ਗਿਆ।

ਸ਼ਬਦ ਬੀੜਨ ਦੀ ਲਿਆਕਤ, ਦੇ ਗਿਆ ਕੁਝ ਪਲ ਕੁ ਸਾਥ,
ਸਾਂਭ ਕੇ ਰੱਖੀ ਮੇਰੀ, ਸਾਰੀ ਨਾਦਾਨੀ ਲੈ ਗਿਆ।

ਵਕਤ ਮੇਰੇ ਨਾਲ ਕੈਸੀ, ਖੇਡ ਖੇਡੀ ਮਿਹਰਬਾਨ,
ਬੋਲਦੇ ਵਰਕੇ ਮੇਰੇ ਹੱਥਾਂ 'ਚੋਂ, ਕਾਨੀ ਲੈ ਗਿਆ।

ਤੋੜ ਕੇ ਤੰਦ, ਮਣਕਿਆਂ ਨੂੰ, ਰੁਲਣ ਜੋਗੇ ਕਰ ਗਿਆ,
ਬੇਕਦਰ ਜ਼ਾਲਮ, ਮੇਰੇ ਸਾਹਾਂ ਦੀ ਗਾਨੀ ਲੈ ਗਿਆ।

ਆਦਮੀ ਫਿਰਦਾ ਗਵਾਚਾ, ਸ਼ਹਿਰ ਤੇ ਬਾਜ਼ਾਰ ਵਿੱਚ,
ਵੇਖ ਲਉ ਮਿੱਟੀ ਦਾ ਮੂਰਾ*, ਕਦਰਦਾਨੀ ਲੈ ਗਿਆ।

ਗਿਆਨ ਤੇ ਵਿਗਿਆਨ ਵੀ, ਮੰਡੀ 'ਚ ਵਿਕਦੈ ਵਸਤ ਵਾਂਗ,
ਹੋਰ ਛੱਡੋ ਧਨ ਕਿਵੇਂ, ਧਰਮੀ ਗਿਆਨੀ ਲੈ ਗਿਆ।

ਜਿਸ ਤਰ੍ਹਾਂ ਬਿੱਲੀਆਂ ਦੀ ਰੋਟੀ, ਲੈ ਗਿਆ ਬਾਂਦਰ ਚਲਾਕ,
ਲੜਦਿਆਂ ਹੱਥੋਂ ਉਹ ਸਾਥੋਂ, ਰਾਜਧਾਨੀ ਲੈ ਗਿਆ।

*ਨਕਲੀ ਬੁੱਤ

54