ਪੰਨਾ:ਰਾਵੀ - ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦ ਬੂਹਿਆਂ ਨੂੰ ਖੋਲ੍ਹਣ ਖਾਤਰ, ਮਾਂ ਧੀ ਕਰਨ ਦਿਹਾੜੀ ਚੱਲੀਆਂ।
ਮਨ ਰੇ ਗਾ ਦਾ ਗੀਤ ਗੁਆਚਾ, ਲੱਭਣ ਆਈਆਂ ਕੱਲ ਮੁ ਕੱਲ੍ਹੀਆਂ।

ਫੁੱਲਾਂ ਵਰਗੇ ਬੱਚੜੇ ਖਾਤਰ, ਇੱਕ ਲਵੇਰੀ ਖ਼ਾਲੀ ਖੁਰਲੀ,
ਖੇਤ ਬੇਗਾਨਾ ਮਾਲਕ ਵਰਜੇ, ਹਾਲੇ ਤੀਕ ਤਾਂ ਖਾਲੀ ਪੱਲੀਆਂ।

ਪਿੰਡਾਂ ਆਈਆਂ ਦੋਵੇਂ ਕੱਠੀਆਂ, ਵੇਖਣ ਨੂੰ ਵੀ ਕੋਲ ਬੈਠੀਆਂ,
ਜਿੰਦ ਫ਼ਿਕਰਾਂ ਦੇ ਪੇਂਜੇ ਪਿੰਜੀ, ਤੰਦਾਂ ਹੋਈਆਂ ਕੱਲ੍ਹੀਆਂ ਕੱਲ੍ਹੀਆਂ।

ਵਾਢੀ ਮਗਰੋਂ, ਨੰਗੇ ਪੈਰੀਂ, ਰੱਤ ਨੇ ਵਾਹੀਆਂ ਮੋਰ ਬੂਟੀਆਂ,
ਲਿੱਸੇ ਘਰ ਦੀਆਂ ਜਾਈਆਂ ਲੱਭਣ, ਵੱਢ ਵਿੱਚੋਂ ਕਣਕਾਂ ਦੀਆਂ ਬੱਲੀਆਂ।

ਘੁੱਗੀਆਂ ਵਾਲੇ ਆਲ੍ਹਣਿਆਂ ਤੇ, ਕਬਜ਼ਾ ਕਰ ਜਿਉਂ ਕਾਗ ਬੈਠਦੇ,
ਮਰਦ ਕਹਾਉਂਦੇ ਦਾਰੂਦਾਸੀਆਂ, ਕੂੰਜਾਂ ਕਿਰਤ ਕਮਾਵਣ ਘੱਲੀਆਂ।

ਦੂਖ ਹਰੋ ਬਨਵਾਰੀ ਮੇਰੇ, ਯਾ ਰੱਬ ਅੱਲ੍ਹਾ ਕਸ਼ਟ ਨਿਵਾਰੋ,
ਕਿੰਨੇ ਹੀ ਕੰਮਚੋਰ ਆਵਾਰਾ, ਐਵੇਂ, ਫਿਰਨ ਵਜਾਉਂਦੇ ਟੱਲੀਆਂ।

ਰੱਜਿਆਂ ਪੁੱਜਿਆਂ ਨੂੰ ਅਫ਼ਰੇਵਾਂ, ਲਿਸਿਆਂ ਨੂੰ ਤਰਸੇਵਾਂ ਘੇਰੇ,
ਖਵਰੇ ਕਿਸਦੇ ਬੱਚਿਆਂ ਦੇ ਲਈ, ਵਿਕਣ ਬਾਜ਼ਾਰੀਂ ਕੇਲੇ ਛੱਲੀਆਂ।

55