ਪੰਨਾ:ਰਾਵੀ - ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖ਼ਰ ਪਹਾੜੋਂ ਆਇਆ ਰੁੱਕਾ, ਪੜ੍ਹ ਲਓ, ਫਿਰ ਮਗਰੋਂ ਨਾ ਕਹਿਣਾ।
ਜਿੱਦਾਂ ਧਰਤੀ ਅੱਜ ਤਪਦੀ ਹੈ, ਚੋਟੀ ਦਾ ਜਲਵਾ ਨਹੀਂ ਰਹਿਣਾ।

ਦਸ ਵਰ੍ਹਿਆਂ ਤੱਕ ਤਪਸ਼ ਨੇ ਵਧ ਕੇ, ਚਾਰ ਡਿਗਰੀਆਂ ਹੋਰ ਹੈ ਤਪਣਾ,
ਮੇਰੀਆਂ ਸਭ ਬਰਫ਼ਾਨੀ ਟੀਸੀਆਂ, ਪਿਘਲ ਪਿਘਲ ਧਰਤੀ ਵੱਲ ਵਹਿਣਾ।

ਬਿਰਖ਼ਾਂ ਦੀ ਹਰਿਆਲੀ ਛਤਰੀ ਤਾਣ ਦਿਓ ਜੀ ਇਸ ਦੇ ਸਿਰ 'ਤੇ,
ਬੰਜਰ ਨਾ ਹੋ ਜਾਵੇ ਧਰਤੀ, ਆ ਨਾ ਜਾਵੇ ਵਕਤ ਕੁਲਹਿਣਾ।

ਅਗਨ ਭੇਟ ਕਿਉਂ ਕਰਦੇ ਬੀਬਾ, ਜ਼ਹਿਰੀ ਗੈਸਾਂ ਵਾਲਾ ਨਿਕ ਸੁਕ,
ਅੰਬਰ ਵਿੱਚ ਓਜ਼ੋਨ ਮਘੋਰਾ, ਹੋਰ ਜੇ ਵਧਿਆ, ਔਖਾ ਸਹਿਣਾ।

ਜੋ ਜੋ ਸ਼ਹਿਰ ਸਮੁੰਦਰ ਕੰਢੇ, ਡੁੱਬ ਜਾਵਣਗੇ ਪਰਲੋ ਆਊ,
ਪਿਘਲ ਗਲੇਛਰ ਭਰ ਭਰ ਨਦੀਆਂ, ਜਦ ਹੈ ਏਸ ਦਿਸ਼ਾ ਵੱਲ ਵਹਿਣਾ।

ਮਾਰ ਪਵੇਗੀ ਐਸੀ ਮਾੜੀ, ਝੰਬ ਸੁੱਟੇਗੀ ਕੁੱਲ ਹਰਿਆਵਲ,
ਤੂੰ ਤੇ ਮੈਂ ਕਿਸ ਬਾਗ ਦੀ ਮੂਲੀ, ਜੰਤ ਪਰਿੰਦਾ ਕੁਝ ਨਹੀਂ ਰਹਿਣਾ।

ਪਵਨ ਗੁਰੂ ਤੇ ਪਾਣੀ ਬਾਬਲ, ਧਰਤੀ ਸਾਡੀ ਮਾਂ ਵਰਗੀ ਹੈ,
ਜੇ ਬਚਣਾ ਤਾਂ ਪੱਲੇ ਬੰਨ੍ਹ ਲਓ, ਮੇਰੇ ਬਾਬੇ ਦਾ ਇਹ ਗਹਿਣਾ।

56