ਪੰਨਾ:ਰਾਵੀ - ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸੇ ਦਾ ਪਛਤਾਵਾ ਹੁਣ ਵੀ, ਦਰਦ ਦਿਲੇ ਦਾ ਕਹਿ ਨਹੀਂ ਹੋਇਆ।
ਇਹ ਗੱਲ ਵੀ ਮੈਂ ਤਾਂ ਦੱਸੀ ਏ, ਮੇਰੇ ਕੋਲੋਂ ਰਹਿ ਨਹੀਂ ਹੋਇਆ।

ਤੁਰਿਆ ਰਹਿੰਦਾਂ ਸ਼ਾਮ ਸਵੇਰੇ, ਪੈਰੀਂ ਬੰਨ੍ਹ ਕੇ ਸਫ਼ਰ ਲੰਮੇਰੇ,
ਸੂਰਜ ਦੀ ਟਿੱਕੀ ਨੂੰ ਚੁੰਮਣੈਂ, ਏਸੇ ਕਰਕੇ ਬਹਿ ਨਹੀਂ ਹੋਇਆ।

ਮਾਣ ਮਰਤਬੇ ਦੁਨੀਆ ਅੰਦਰ, ਕੀ ਔਖੇ ਸੀ ਹਾਸਿਲ ਕਰਨੇ,
ਸੱਚ ਪੁੱਛੋ ਤਾਂ ਗ਼ਰਜ਼ਾਂ ਖ਼ਾਤਰ, ਏਨਾ ਥੱਲੇ ਲਹਿ ਨਹੀਂ ਹੋਇਆ।

ਅੱਖੀਆਂ ਅੰਦਰ ਮੇਰੇ ਵੀ ਤਾਂ, ਗ਼ਮ ਦੇ ਕਿੰਨੇ ਤਲਖ਼ ਸਮੁੰਦਰ,
ਕੀ ਕਰਦਾ ਮੈਂ ਹੰਝੂਆਂ ਤੋਂ ਹੀ, ਪਿਘਲਣ ਮਗਰੋਂ ਵਹਿ ਨਹੀਂ ਹੋਇਆ।

ਜਾਣਕਾਰ ਸਾਂ, ਕੰਧਾਂ ਮੈਨੂੰ, ਕਦੇ ਹੁੰਗਾਰਾ ਭਰਨਾ ਨਹੀਂਉਂ,
ਮੇਰੇ ਤੋਂ ਹੀ ਚੁੱਪ ਦਾ ਪਰਬਤ, ਹਿੱਕੜੀ ਉੱਤੇ ਸਹਿ ਨਹੀਂ ਹੋਇਆ।

ਸਾਨੂੰ ਗਿਣਨ ਮਸ਼ਾਲਚੀਆਂ ਵਿੱਚ, ਫੇਰ ਹਨ੍ਹੇਰਾ ਇਹ ਕਿਉਂ ਵਧਿਆ,
ਅਸਲ ਨਿਸ਼ਾਨਾ ਤੈਥੋਂ ਮੈਥੋਂ, ਅੱਜ ਤੀਕਰ ਵੀ ਤਹਿ ਨਹੀਂ ਹੋਇਆ।

ਚਾਰ ਚੁਫ਼ੇਰ ਹਨੇਰਾ ਕਾਲਖ਼, ਰਾਜ ਭਾਗ ਤੇ ਕਾਬਜ਼ ਤਾਂਹੀਉਂ,
ਮਾਚਸ ਦੀ ਡੱਬੀ ਤੇ ਮੈਥੋਂ, ਤੀਲੀ ਬਣ ਕੇ ਖਹਿ ਨਹੀਂ ਹੋਇਆ।

57