ਪੰਨਾ:ਰਾਵੀ - ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਿਲੁਜ ਬਿਆਸ ਝਨਾਂ ਤੇ ਜਿਹਲਮ ਪੰਜਵਾਂ ਦਰਿਆ ਮੇਰੀ ਮਾਂ ਹੈ।
ਪਾਲ ਪੋਸ ਜਿਸ ਵੱਡਿਆਂ ਕੀਤਾ, ਰਾਵੀ ਉਸ ਦਾ ਦੂਜਾ ਨਾਂ ਹੈ।

ਬਾਤ ਪਾਉਂਦਿਆਂ ਬਿਰਖਾਂ ਦੀ ਮੈਂ, ਸੀਸ ਝੁਕਾਵਾਂ ਪੁਰਖਿਆਂ ਨੂੰ ਵੀ,
ਕੁਝ ਆਰੀ, ਕੁਝ ਵਕਤ ਲੈ ਗਿਆ, ਫਿਰ ਵੀ ਸਿਰ ਵਿਰਸੇ ਦੀ ਛਾਂ ਹੈ।

ਪਹਿਲਾਂ ਗੋਬਰ ਧਨ ਦੇਂਦੀ ਸੀ, ਹਾਲੀ ਬਲਦ ਤੇ ਅੰਮ੍ਰਿਤ ਧਾਰਾਂ,
ਨੇਤਾ ਜੀ ਦੇ ਪੇੜੇ ਮਗਰੋਂ, ਅੱਜ ਕੱਲ੍ਹ ਵੋਟਾਂ ਦੇਂਦੀ ਗਾਂ ਹੈ।

ਬੋਹੜਾਂ ਪਿੱਪਲੀਂ ਪੀਂਘਾਂ ਮੋਈਆਂ, ਰੱਸੀਆਂ ਦੇ ਸੱਪ ਬਣ ਗਏ ਫਾਹੀਆਂ,
ਮਰਨ ਵਾਲਿਆਂ ਵਿੱਚ ਹਰ ਵਾਰੀ, ਮੇਰੇ ਬਾਬਲ ਦਾ ਕਿਉਂ ਨਾਂ ਹੈ।

ਦੋਮੂੰਹੀਆਂ ਡੰਗ ਮਾਰਨ ਜ਼ਹਿਰੀ, ਅੱਜ ਕੱਲ੍ਹ ਮੀਸਣੀਆਂ ਮੁਸਕਾਨਾਂ,
ਮੈਂ ਏਸੇ ਦਾ ਡੰਗਿਆ ਹੋਇਆਂ, ਤੈਨੂੰ ਇਹ ਮੈਂ, ਦੱਸਿਆ ਤਾਂ ਹੈ।

ਧਰਮਸਾਲ ਵਿੱਚ ਧੜਿਆਂ ਕਾਰਨ, ਵਣਜ ਵਪਾਰੀ ਕਾਬਜ਼ ਹੋ ਗਏ,
ਸ਼ੁਭ ਕਰਮਨ ਦੀ ਕਥਾ ਸੁਣਨ ਲਈ, ਧਰਮ ਕਰਮ ਦੀ ਕਿਹੜੀ ਥਾਂ ਹੈ।

ਮਾਨ ਸਰੋਵਰ ਝੀਲ ਦੇ ਕੰਢਿਓਂ, ਕਹਿ ਕੇ ਹੰਸ ਉਡਾਰੀ ਭਰ ਗਏ,
ਨਾਲ ਨਮੋਸ਼ੀ ਜੀਣਾ ਔਖਾ, ਜਿੱਥੋਂ ਦਾ ਹੁਣ ਮੁਖੀਆ ਕਾਂ ਹੈ।

59