ਪੰਨਾ:ਰਾਵੀ - ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਕਮ ਹੁਕਮ ਹਕੂਮਤ ਖ਼ਾਤਰ, ਸ਼ਬਦਾਂ ਨੂੰ ਤਵੀਆਂ ਤੇ ਧਰਦੇ।
ਕੌਣ ਕਹੇ ਦੱਸ ਬੇਸਮਝਾਂ ਨੂੰ, ਅਰਥ ਕਦੇ ਏਦਾਂ ਨਹੀਂ ਮਰਦੇ।

ਸ਼ਬਦਕਾਰ ਦੀ ਉੱਚੀ ਹਸਤੀ, ਸ਼ਹਿਰ ਲਾਹੌਰ ਦੀ ਰਾਵੀਉਂ ਤੁਰ ਕੇ,
ਧਰਤ ਆਕਾਸ਼ ਪਤਾਲ 'ਚ ਘੁਲ ਗਈ, ਜਾ ਪਹੁੰਚੀ ਅੰਦਰ ਘਰ ਘਰ ਦੇ।

ਜਬਰ ਜ਼ੁਲਮ ਦੀ ਤੱਤੀ ਰੇਤਾ, ਚਹੁੰ ਸਦੀਆਂ ਤੋਂ ਬਾਦ ਨਿਰੰਤਰ,
ਸ਼ਬਦ ਗੁਰੂ ਦੇ ਸੀਸ ਤੇ ਪੈਂਦੀ, ਅੱਜ ਵੀ ਜਾਬਰ ਘੱਟ ਨਹੀਂ ਕਰਦੇ।

ਸ਼ਬਦ ਵਿਧਾਨ ਲਿਖਣ ਤੋਂ ਮਗਰੋਂ, ਅਸਥਾਪਣ ਦਾ ਗੱਡਿਆ ਪਰਚਮ,
ਚੁੱਪ ਰਹਿੰਦਾ ਕਿੰਜ ਤਖ਼ਤ ਲਾਹੌਰੀ, ਸੂਰਜ ਨੂੰ ਕਿੰਜ ਨ੍ਹੇਰੇ ਜਰਦੇ।

ਪੀਰੀ ਨਾਲ ਜੁੜੀ ਫਿਰ ਮੀਰੀ, ਕਲਮ ਨਾਲ ਕਿਰਪਾਨ ਦੀ ਜੋਟੀ,
ਤਖ਼ਤ ਅਕਾਲ ਸੁਣਾਇਆ ਜੱਗ ਨੂੰ ਨਿਰਭਉ ਤੇ ਨਿਰਵੈਰ ਨਾ ਡਰਦੇ।

ਰਾਮਦਾਸ ਗੁਰ ਚੌਥਿਓਂ ਅੱਗੇ, ਕਿੱਥੇ ਪਹੁੰਚਾ ਤੇਗ ਬਹਾਦਰ,
ਸੀਸ ਤਲੀ ਲਲਕਾਰੇ ਗੋਬਿੰਦ, ਮਾਰਨ ਵਾਲੇ ਜਾਂਦੇ ਖ਼ਰਦੇ।

ਏਸ ਗੁਲਾਬ ਦੀਆਂ ਸਭ ਕਲਮਾਂ ਸਰਹੰਦ ਤੇ ਚਮਕੌਰ 'ਚ ਖਿੜੀਆਂ,
ਪੂਰੀ ਧਰਤ ਗੁਲਾਬੀ ਹੁੰਦੀ, ਆਪਾਂ ਜੇ ਰਖਵਾਲੀ ਕਰਦੇ।

60