ਪੰਨਾ:ਰਾਵੀ - ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇ ਵੀਰਾ ਵੇ ਜੀਣ ਜੋਗਿਆ, ਤੂੰ ਕਿਉਂ ਸੁੱਤਾ ਦਰਦ ਜਗਾਇਆ।
ਕਾਲ਼ੇ ਦੌਰ ਦੀ ਕਾਲੀ ਮੂਰਤ, ਵੇਖਣ ਸਾਰ ਜ਼ਲਜ਼ਲਾ ਆਇਆ।

ਅੱਖੀਆਂ ਦੇ ਵਿੱਚ ਸਹਿਮ ਸੰਨਾਟਾ, ਵੱਖੀਆਂ ਅੰਦਰ ਭੁੱਖ ਦਾ ਤਾਂਡਵ,
ਬੰਨ੍ਹ ਕਾਫ਼ਲੇ ਨਾਰੋਵਾਲੋਂ, ਰੁਲ਼ਦਾ ਸਾਡਾ ਟੱਬਰ ਆਇਆ।

ਦਾਦੀ ਮਾਂ ਦੀ ਗੋਦੀ ਚੜ੍ਹ ਕੇ, ਬੈਠੀ ਭੂਆ ਸਗਵੀਂ ਜਾਪੇ,
ਬਾਪ-ਕੰਧੇੜੇ ਏਸ ਤਰ੍ਹਾਂ ਹੀ ਦੱਸਦੇ ਮੇਰਾ ਬਾਬਲ ਆਇਆ।

ਚੁੱਲ੍ਹੇ ਅੰਦਰ ਬਲਦੀ ਅੱਗ ਤੇ, ਗੁੰਨਿਆ ਆਟਾ ਵਿੱਚ ਪਰਾਤੇ,
ਨਹੀਂ ਸੀ ਵਿੱਚ ਨਸੀਬਾਂ ਰੋਟੀ, ਛੱਡ ਆਏ ਤੰਦੂਰ ਤਪਾਇਆ।

ਅਲਫ਼ ਅੱਲ੍ਹਾ ਤੋਂ ਅਗਲਾ ਵਰਕਾ, ਪਾਟਿਆ ਜੋ ਸੰਤਾਲੀ ਵੇਲੇ,
ਉਸਨੂੰ ਲੱਭਦਾ ਗੁਜ਼ਰ ਗਿਆ ਹੈ, ਸਾਲ ਕੁ ਪਹਿਲਾਂ ਮੇਰਾ ਤਾਇਆ।

ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।

ਮੈਂ ਸੰਤਾਲੀ ਮਗਰੋਂ ਜੰਮਿਆਂ, ਪਰ ਨਹੀਂ ਛੱਡਦਾ ਖਹਿੜਾ ਮੇਰਾ,
ਮੇਰੀ ਰੂਹ ਤੋਂ ਲਹਿੰਦਾ ਹੀ ਨਾ, ਆਦਮਖ਼ੋਰਾ ਖ਼ੂਨੀ ਸਾਇਆ।

61