ਪੰਨਾ:ਰਾਵੀ - ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਲੀ* ਵੀਰੇ, ਮੈਂ ਸੁਣਿਆ ਹੈ ਤੇਰੇ ਵਿਹੜੇ ਕੋਇਲ ਬੋਲਦੀ।
ਕਹਿੰਦੇ ਉਹ ਤਾਂ ਰੂਹ ਦੇ ਜੰਦਰੇ, ਦਰਦ ਪੁਰਾਣੇ ਭੇਤ ਖੋਲ੍ਹਦੀ।

ਕੰਕਰੀਟ ਦੇ ਚੰਡੀਗੜ੍ਹ ਵਿੱਚ, ਸ਼ੁਕਰ ਅਜੇ ਵੀ ਬਿਰਖ਼ ਜੀਉਂਦੇ,
ਅੰਬਾਂ ਦੇ ਵਿੱਚ ਲੁਕ ਛਿਪ ਤਾਂਹੀਂਉਂ, ਦਿਲ ਦਾ ਜਾਨੀ ਫਿਰੇ ਟੋਲਦੀ।

ਇਹ ਤਾਂ ਸਿਰਫ਼ ਆਵਾਜ਼ ਨਾ ਦੇਵੇ, ਹੋਰ ਬੜਾ ਕੁਝ ਇਹਦੇ ਅੰਦਰ,
ਇਤਰਾਂ ਭਿੱਜੀ ਪੌਣ ਸਰਕਦੀ, ਜਿਉਂ ਸਾਹਾਂ ਦੇ ਕੋਲ ਕੋਲ ਦੀ।

ਕਿੰਜ ਕਲਾਵਾ ਭਰ ਕੇ ਸਾਂਭਾਂ, ਏਸ ਮਹਿਕ ਨੂੰ ਸਮਝ ਨਾ ਆਵੇ,
ਟਿਕੀ ਰਾਤ ਪ੍ਰਭਾਤ ਸਮੇਂ ਜੋ, ਮਨ ਮੰਦਰ ਗੁਲਕੰਦ ਘੋਲਦੀ।

ਸ਼ਾਮ ਢਲੀ ਪਰਛਾਵੇਂ ਸੁੱਤੇ, ਸੂਰਜ ਨੇ ਵੀ ਲਿਆ ਬਿਸਤਰਾ,
ਅੰਬਰ ਵਿੱਚ ਟਟੀਹਰੀ ਬੋਲੇ, ਰਾਤ ਦੀ ਬੁੱਕਲ ਫਿਰੇ ਫ਼ੋਲਦੀ।

ਰੋਜ਼ ਦਵਾਖੇ ਅੰਦਰ ਦੀਵਾ, ਮਾਂ ਰੱਖਦੀ ਸੀ ਨੇਮ ਵਾਂਗਰਾਂ,
ਉਸ ਦੇ ਮਗਰੋਂ ਇੰਜ ਕਿਉਂ ਲੱਗਦੈ, ਲਾਟੂ ਦੀ ਵੀ ਲਾਟ ਡੋਲਦੀ।

ਮੈਂ ਛੇਕਾਂ ਦੀ ਵਿੰਨ੍ਹੀ ਵੰਝਲੀ, ਕੋਲੋਂ ਸਿਰਫ਼ ਸੁਭਾਵਕ ਪੁੱਛਿਆ,
ਮੈਂ ਨਾ ਜੇਕਰ ਹੋਠ ਛੁਹਾਉਂਦਾ, ਦੱਸ ਮੱਟੀਏ** ਤੂੰ ਕਿਵੇਂ ਬੋਲਦੀ?

*ਮੇਰਾ ਸੱਜਣ ਬਲਜੀਤ ਬੱਲੀ, **ਬਾਂਸ ਦੀ ਪੋਰੀ

62