ਪੰਨਾ:ਰਾਵੀ - ਗੁਰਭਜਨ ਗਿੱਲ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿੰਬਣ ਪੋਚਣ, ਢਹਿ ਨਾ ਜਾਵੇ, ਕੱਚੇ ਘਰ ਨੂੰ ਪੱਕੇ ਵਾਸੀ।
ਪਿਓ ਦਾਦੇ ਤੋਂ ਭੋਗ ਰਹੇ ਨੇ, ਇੱਕੋ ਰੰਗ ਦੀ ਜੁਨ ਚੌਰਾਸੀ।

ਮਿੱਟੀ ਰੰਗੇ ਸਫ਼ਿਆਂ ਉੱਤੇ, ਮਿੱਟੀ ਨਾਲ ਇਬਾਰਤ ਲਿਖ ਕੇ,
ਜਾਂਦੇ ਜਾਂਦੇ ਸੌਂਪ ਗਏ ਨੇ, ਪੁਰਖੇ ਸਾਨੂੰ ਸੁਰਗ ਨਿਵਾਸੀ।

ਇੱਕ ਵੀ ਅੱਖਰ, ਹਿੰਦਸਾ ਕੋਈ, ਜੁੜਦਾ ਨਹੀਂਉਂ ਸਾਡੇ ਕੋਲੋਂ,
ਪੜ੍ਹਦੇ ਪੜ੍ਹਦੇ ਮਰ ਚੱਲੇ ਹਾਂ, ਅੱਸੀਆਂ ਤੋਂ ਨਾ ਹੋਣ ਇਕਾਸੀ।

ਟੁੱਟੀ ਮੰਜੀ ਵਾਣ ਪੁਰਾਣਾ, ਗੰਢਦੇ ਰਹੀਏ ਟੁੱਟਦੇ ਨਹੀਂਉਂ,
ਕੱਚੇ ਰਾਹ ਦੇ ਮਾਰਗਪੰਥੀ, ਪੱਕੇ ਪੈਰੀਂ ਪਾਉਂਦੇ ਘਾਸੀ।

ਸ਼ਿਕਵਾ ਕਦੇ ਸ਼ਿਕਾਇਤ ਕਰਨਾ, ਇਨ੍ਹਾਂ ਹਿੱਸੇ ਆਇਆ ਨਹੀਉਂ,
ਖ਼ੁਰਦੀ ਕੁਰਦੀ ਜੁੜਦੀ ਰਹਿੰਦੀ, ਧਰਤੀ ਪੀੜਾਂ ਦੀ ਅਭਿਆਸੀ।

ਸਣੇ ਪਰਾਤ ਤੇ ਬਲ਼ਦਾ ਚੁੱਲ੍ਹਾ, ਅਗਨ ਗਵਾਹੀ ਦੇਵੇ ਸਾਡੀ,
ਸੜਦੀ ਸੜਦੀ ਸੜ ਚੱਲੀ ਹੈ, ਤਵਿਆਂ ਤੇ ਰੋਟੀ ਇੱਕਵਾਸੀ।

ਹੈ ਜ਼ਿੰਦਗੀ! ਸ਼ੁਕਰਾਨਾ ਤੇਰਾ, ਟੁੱਟਿਆ ਭੱਜਿਆ ਜੋੜੀ ਰੱਖਿਆ,
ਤੇਰੇ ਸਿਰ ਤੇ ਕਹਿੰਦਾ ਹਾਂ ਮੈਂ, ਹੁਣ ਤੀਕਰ ਵੀ ਮੌਤ ਨੂੰ ਮਾਸੀ।

63