ਪੰਨਾ:ਰਾਵੀ - ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਰ ਦੇਸ ਪਰਦੇਸ ਪੰਜਾਬੀ, ਹਰ ਮੈਦਾਨ 'ਚ ਬੱਲੇ ਬੱਲੇ।
ਖੁੱਲ੍ਹੇ ਡੁੱਲ੍ਹੇ ਘਰ ਤੇ ਕਾਰਾਂ, ਹੱਥਾਂ ਦੇ ਵਿੱਚ ਛਾਪਾਂ ਛੱਲੇ।

ਰਹਿਮਤ ਦਾ ਮੀਂਹ ਵੱਸਦਾ ਖੁੱਲ੍ਹਕੇ, ਕਰਦੇ ਕਿਰਤ ਕਮਾਈਆਂ ਵੇਖੋ,
ਅੰਬਰ ਨੂੰ ਮੁੱਠੀ ਵਿੱਚ ਰੱਖਦੇ, ਧਰਤੀ ਨੂੰ ਪੈਰਾਂ ਦੇ ਥੱਲੇ।

ਗੁਰ ਦੀ ਕੀਰਤ ਨਗਰ ਪਸਾਰਨ, ਗੁਰ ਪੁਰਬਾਂ ਦੇ ਵੇਲੇ ਰਲਕੇ,
ਇੱਕ ਮਾਲਕ ਦੇ ਸ਼ਰਧਾਵੰਤੇ, ਫਿਰ ਵੀ ਕਿਉਂ ਨੇ ਕੱਲ੍ਹੇ ਕੱਲ੍ਹੇ।

ਜਿਹੜੇ ਪਿੰਡੋਂ ਚੱਲ ਕੇ ਆਏ, ਕੱਚੇ ਰਾਹ ਤੇ ਤੁਰਦੇ ਤੁਰਦੇ,
ਹੁਣ ਵੀ ਯਾਦਾਂ ਦੇ ਪੰਖੇਰੂ, ਰੂਹ ਨੂੰ ਘੇਰਨ ਕਰ ਕਰ ਹੱਲੇ।

ਨਿੱਸੇ ਘਰ ਦੇ ਬਾਲ ਸਕੂਲੇ, ਜਾਣਾ ਚਾਹੁੰਦੇ ਲੈ ਕੇ ਬਸਤੇ,
ਖ਼ਾਲੀ ਖੀਸੇ ਵਾਲਾ ਬਾਬਲ, ਚਾਹੁੰਦਾ ਹੈ, ਪਰ ਕਿੱਦਾਂ ਘੱਲੇ।

ਹੇ ਮੇਰੇ ਹਮਵਤਨੀ ਵੀਰੋ, ਇੱਕ ਇੱਕ ਬਾਲਕ ਛਾਤੀ ਲਾਓ,
ਦਸਵਾਂ ਹਿੱਸਾ ਓਸੇ ਦਾ ਹੈ, ਜੋ ਗੁਰ ਪਾਇਆ ਸਾਡੇ ਪੱਲੇ।

ਰੀਝਾਂ ਚਾਅ ਤੇ ਖ਼ੁਸ਼ੀਆਂ ਖੇੜੇ, ਏਹੀ ਨੇ ਫੁੱਲ ਬਣ ਕੇ ਖਿੜਨੇ,
ਮੋਹ ਮਮਤਾ ਤੇ ਪਿਆਰ ਮੁਹੱਬਤ, ਜੇ ਜਿੰਦੜੀ ਦੇ ਸਾਹੀਂ ਚੱਲੇ।

65