ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਲਿਹਾਰੀ ਤਾਂ ਆਪੇ ਕੁਦਰਤ, ਤੂੰ ਲੱਭਦੈਂ ਸੰਗ ਮਰ ਮਰ ਅੰਦਰ।
ਪੜ੍ਹਿਆ ਕਰ ਤੂੰ ਸ਼ਬਦ ਗੁਰੂ ਨੂੰ, ਹਰਿ ਤਾਂ ਵੱਸਦਾ ਹਰ ਹਰ ਅੰਦਰ।
ਆਪਣੀ ਪੀੜ ਵਿਖਾ ਕੇ ਐਵੇਂ, ਹਮਦਰਦੀ ਨਾ ਮੰਗੀ ਸੱਜਣਾ,
ਮਲ੍ਹਮ ਵਿਰਲਿਆਂ ਪੱਲੇ ਏਥੇ, ਲੂਣਦਾਨੀਆਂ ਘਰ ਘਰ ਅੰਦਰ।
ਖੋਲ੍ਹ ਦਿਆ ਕਰ ਕੈਦਾਂ ਕੁੜੀਆਂ, ਰੂਹ ਦੇ ਪੰਛੀ ਉੱਡਣਾ ਚਾਹੁੰਦੇ,
ਕਣ ਕਣ ਵਿੱਚ ਪਰਵਾਜ਼ ਭਰੀ ਤੇ, ਲਿਖੀ ਇਬਾਰਤ ਪਰ ਪਰ ਅੰਦਰ।
ਅੰਦਰੋਂ ਕੁੰਡੀ ਬਾਹਰ ਵੀ ਜੰਦਰੇ, ਬੈਠੇ ਰਹੀਏ ਘੁਰਨੇ ਅੰਦਰੇ,
ਹਾਏ! ਕੀ ਹੋ ਚੱਲਿਆ ਸਾਨੂੰ, ਮਰ ਚੱਲੇ ਹਾਂ ਡਰ ਡਰ ਅੰਦਰ।
ਰਾਵੀ ਦਰਿਆ 'ਵਾਜਾਂ ਮਾਰੇ, ਆ ਜਾ ਮੇਰੇ ਪਿਆਰ ਦੁਲਾਰੇ,
ਤੇਰੀ ਕਵਿਤਾ ਮੇਰੇ ਕੰਢੇ, ਸਰਕੜਿਆਂ ਦੀ ਸਰ ਸਰ ਅੰਦਰ।
ਅਜਬ ਸਰੂਰ ਖ਼ੁਮਾਰੀ ਤਾਰੀ, ਰੂਹ ਦੇ ਬਾਗੀਂ ਖਿੜਿਆ ਚੰਬਾ,
ਯਾਦਾਂ ਵਾਲੀ ਡਾਰ ਮੁੜੀ ਜਦ, ਤੂੰ ਵੀ ਸੀ ਉਸ ਫਰ ਫਰ ਅੰਦਰ।
ਬੰਦ ਬੂਹਿਆਂ ਦੇ ਅੰਦਰੋਂ ਕੱਢੋ, ਸੰਸੇ ਝੋਰੇ ਤੇ ਹਟਕੋਰੇ,
ਬਾਹਰ ਖਲੋਤੇ ਸੁਪਨ ਹਜ਼ਾਰਾਂ, ਲੰਘਣਾ ਚਾਹੁੰਦੇ ਦਰ ਦਰ ਅੰਦਰ।
66