ਪੰਨਾ:ਰਾਵੀ - ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੰਗੇ ਪੈਰ ਤਾਂ ਰੱਦੀ ਚੁਗਦੇ, ਰੱਜਿਆਂ ਮੋਢੇ ਬਸਤੇ ਨੇ।
ਇੱਕ ਤਾਂ ਪੜ੍ਹਨ ਸਕੂਲਾਂ ਚੱਲੇ, ਲਿੱਸਿਆਂ ਦੇ ਵੱਖ ਰਸਤੇ ਨੇ।

ਮੇਰੇ ਦੇਸ਼ ਆਜ਼ਾਦ 'ਚ, ਇੱਕੋ ਵੇਲੇ, ਕਿੰਨੇ ਭਾਰਤ ਨੇ,
ਇਕਨਾਂ ਦੇ ਲਈ ਸਿੱਧੀਆਂ ਸੜਕਾਂ, ਸਾਡੇ ਕਿਉਂ ਬੰਦ ਰਸਤੇ ਨੇ।

ਹੁਕਮਰਾਨ ਦੀ ਕਾਲ਼ੀ ਐਨਕ ਵੇਖਣ ਤੋਂ ਇਨਕਾਰੀ ਹੈ,
ਕੁਰਸੀਧਾਰੀ ਅੰਨ੍ਹੇ ਬੋਲੇ, ਵੇਖ ਲਉ ਕਿੰਨੇ ਮਸਤੇ ਨੇ।

ਕਮਜ਼ੋਰਾਂ ਦੀ ਹਸਤੀ ਤੇ, ਖ਼ੁਦਪ੍ਰਸਤੀ ਦੋਵੇਂ ਆਟੇ ਭਾਅ,
ਕੱਚੇ ਘਰ ਦੇ ਕੁੜੀਆਂ ਬਾਲੇ, ਸੁਪਨੇ ਕਿੰਨੇ ਸਸਤੇ ਨੇ।

ਸਾਡੇ ਪਿੰਡ ਦੇ ਛੱਪੜ ਅੰਦਰ, ਡੁੱਬਦੇ ਤਰਦੇ ਕਿੰਨੇ ਚਾਅ,
ਗਿਣਨੋਂ ਬਾਹਰੇ ਰੀਝਾਂ ਸੁਪਨੇ, ਏਥੇ ਸੂਰਜ ਅਸਤੇ ਨੇ।

ਇਹ ਤਾਂ ਅਮਨ ਕਾਨੂੰਨ ਦੇ ਰਾਖੇ, ਸਾਡੇ ਕੁਝ ਵੀ ਲੱਗਦੇ ਨਾ,
ਵਰਦੀ ਪਹਿਨ ਬੰਦੁਕਾਂ ਵਾਲੇ, ਇਹ ਜੋ ਫਿਰਦੇ ਦਸਤੇ ਨੇ।

ਪੌਣੀ ਸਦੀ ਗੁਜ਼ਾਰਨ ਮਗਰੋਂ, ਮੁੜ ਕੇ ਕਿੱਥੇ ਫੇਰ ਖੜ੍ਹੇ,
ਆਜ਼ਾਦੀ ਦੇ ਬੂਹਿਆਂ ਵੱਲ ਨੂੰ, ਜਾਂਦੇ ਕਿਹੜੇ ਰਸਤੇ ਨੇ?

67