ਪੰਨਾ:ਰਾਵੀ - ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੀ ਪੁੱਤ ਪਾਲਣ, ਸਦਾ ਸੰਭਾਲਣ, ਜੇਕਰ ਉਸਦੀ ਆਸ ਦਾ ਬੂਟਾ।
ਧਰਤੀ ਮਾਂ ਵੀ ਸਦਾ ਸੰਭਾਲੇ, ਅਣਖ਼ੀਲੇ ਇਤਿਹਾਸ ਦਾ ਬੂਟਾ।

ਹੋਰ ਜਗ੍ਹਾ ਜ਼ਰਖੇਜ਼ ਨਾ ਕੋਈ, ਜਿੱਥੇ ਹੈ ਇਹ ਜੜ੍ਹ ਲਾ ਸਕਦਾ,
ਦਿਲ ਦੀ ਮਿੱਟੀ ਵੱਤਰ ਕਰ ਲਓ, ਜੇ ਲਾਉਣਾ ਵਿਸ਼ਵਾਸ ਦਾ ਬੂਟਾ।

ਮਾਂ ਦੀ ਬੁੱਕਲ, ਬਾਬਲ ਦਾ ਹੱਥ, ਠੰਢ ਵਰਤਾਵੇ ਤਨ ਮਨ ਮੋਲੇ,
ਹਰ ਥਾਂ ਹਰ ਪਲ ਨਾਲ ਤੁਰਦਿਆਂ, ਛਾਂ ਰੱਖਦਾ ਧਰਵਾਸ ਦਾ ਬੂਟਾ।

ਦੂਰ ਦੇਸ ਪਰਦੇਸ 'ਚ ਵੀ ਮੈਂ, ਬਿਰਖ਼ ਉਗਾਏ ਫ਼ਲ ਤੇ ਆਏ,
ਪੱਥਰਾਂ ਵਿੱਚ ਵੀ ਉੱਗਦਾ ਤੱਕਿਐ, ਚੰਗੇ ਬਚਨ ਬਿਲਾਸ ਦਾ ਬੂਟਾ।

ਹਰ ਪਲ ਤੁਰਨਾ, ਨਹੀਂਓਂ ਝਰਨਾ, ਘਰੋਂ ਤੁਰਦਿਆਂ ਮਾਂ ਸਮਝਾਇਆ,
ਮਰ ਜਾਂਦਾ ਏ ਏਦਾਂ ਪੁੱਤਰਾ, ਹੌਕਿਆਂ ਨਾਲ ਸਵਾਸ ਦਾ ਬੂਟਾ।

ਬੂਰ ਝੜ ਗਿਆ ਪੱਤਰ ਪੀਲੇ, ਹਾਏ! ਪੁੱਤਰ ਟਾਹਣੀਂ ਲਮਕਣ,
ਬਦਨੀਤਾਂ ਕਿਉਂ ਸਾਡੇ ਵਿਹੜੇ, ਲਾਇਆ ਇਹ ਸਲਫ਼ਾਸ* ਦਾ ਬੂਟਾ।

ਇਸ ਜੰਗਲ ਵਿੱਚ ਜੰਤ ਜਨੌਰਾਂ, ਭਾਵੇਂ ਜੀਣਾ ਨਰਕ ਬਣਾਇਐ,
ਜਦ ਵੀ ਉੱਗਦੈ, ਪੁੱਟ ਦੇਂਦਾ ਹਾਂ, ਮਨ ਅੰਦਰੋਂ ਪਰਵਾਸ ਦਾ ਬੂਟਾ।

* ਕੀੜੇਮਾਰ ਜ਼ਹਿਰ

68