ਪੰਨਾ:ਰਾਵੀ - ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੰਨੇ ਸੂਰਜ ਚੜ੍ਹ ਕੇ ਲਹਿ ਗਏ, ਵਕਤ ਲਿਹਾਜ਼ ਕਦੇ ਨਹੀਂ ਕਰਦਾ।
ਸਿਖ਼ਰ ਪਹਾੜ ਦੀ ਟੀਸੀ ਉੱਤੋਂ, ਉੱਤਰੇ ਬਾਝੋਂ ਕਿਸ ਦਾ ਸਰਦਾ।

ਗੈਸ ਗੁਬਾਰੇ ਚੜ੍ਹਦੇ ਅੰਬਰੀਂ, ਕਿੱਥੇ ਡਿੱਗਦੇ ਵੇਖ ਲਿਆ ਕਰ,
ਤੂੰ ਇਸ ਜੂਨੀ ਕਿਉਂ ਪੈਂਦਾ ਹੈਂ, ਜੇ ਮਨ ਰਹਿੰਦੈ ਅੰਦਰੋਂ ਡਰਦਾ।

ਚੁਗਲੀ ਦੀ ਖੱਟੀ ਦਾ ਖੱਟਿਆ, ਖਾਣਾ ਸੌਖਾ, ਹਜ਼ਮ ਨਾ ਹੋਵੇ,
ਬਿਨ ਆਈ ਤੋਂ ਤੇਰੇ ਵਰਗਾ, ਮੌਤੋਂ ਪਹਿਲਾਂ, ਤਾਂਹੀਂਉਂ ਮਰਦਾ।

ਚੰਮ ਦੀ ਜੀਭ ਘੁਮਾ ਕੇ ਸੱਚ ਥਾਂ, ਕੂੜ ਕਮਾਵੇਂ, ਦਵੇਂ ਦਲੀਲਾਂ,
ਮਨ ਦੀ ਏਸ ਅਦਾਲਤ ਅੰਦਰ, ਤਾਂਹੀਉਂ ਤੂੰ ਹਰਜਾਨੇ ਭਰਦਾ।

ਜੇ ਇਨਸਾਫ਼ ਦੀ ਤੱਕੜੀ ਤੇਰੀ, ਦਏ ਨਿਆਂ ਨਾ, ਕਰੇ ਫ਼ੈਸਲੇ,
ਦਿੱਤਾ ਪਾੜ ਵਕਾਲਤਨਾਮਾ, ਮੇਰਾ ਦਿਲ ਹਾਮੀ ਨਹੀਂ ਭਰਦਾ।

ਥੱਲਿਉਂ ਸਿਉਂ ਲੈ ਨੀਤ ਦੀ ਬੋਰੀ, ਉੱਪਰੋਂ ਪਾਈਏ ਹੇਠਾਂ ਗਰਕੇ,
ਬਦਨੀਤੀ 'ਚੋਂ ਬਦ ਨੂੰ ਲਾਹ ਦੇ, ਮਿੱਟੀ ਪਿੱਛੇ ਕਿਉਂ ਹੈਂ ਮਰਦਾ।

ਏਨਾ ਤਾਂ ਇਤਿਹਾਸ ਨੂੰ ਪੁੱਛ ਲੈ, ਬੰਦਾ ਕਿਹੜੀ ਜੰਗ ਹਾਰਦਾ,
ਆਲਮਗੀਰ ਸਿਕੰਦਰ ਜੇਤੂ, ਜਦ ਵੀ ਮਰਦਾ, ਨਿੱਜ ਤੋਂ ਮਰਦਾ।

69