ਪੰਨਾ:ਰਾਵੀ - ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਰਾਤਾਂ ਵਾਲੀ ਦਰਦ ਕਹਾਣੀ।
ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉਬਲਦਾ ਪਾਣੀ।

ਬਸਤਾ ਕਲਮ ਦਵਾਤ ਜੋ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ,
ਕਿੱਦਾਂ ਲਿਖਦੇ, ਕਿਸਨੂੰ ਦੱਸਦੇ, ਰੂਹ ਦੀ ਕਸਕ ਕਿਸੇ ਨਾ ਜਾਣੀ।

ਮਾਂ ਦੀ ਮਮਤਾ ਕੀ ਕਰਦੀ ਤਦ, ਛਵ੍ਹੀਆਂ ਦੀ ਸਰਦਾਰੀ ਅੱਗੇ,
ਆਦਮਜ਼ਾਤ ਜ਼ੁਲਮ ਦੇ ਤਾਂਡਵ, ਮਾਰ ਮੁਕਾਏ ਰੂਹ ਦੇ ਹਾਣੀ।

ਦਰਦ ਪਹਾੜੋਂ ਭਾਰਾ ਜਦ ਵੀ, ਰੂਹ ਤੇ ਭਾਰ ਪਵੇ ਤੇ ਪਿਘਲੇ,
ਮਾਂ ਦੀ ਚੰਨੀ ਸਿੱਲ੍ਹੀ ਹੋ ਜੇ, ਵਹਿ ਜਾਵੇ ਦਿਲ ਅੱਖੀਆਂ ਥਾਣੀ।

ਕਰਕ ਕਲੇਜੇ ਵਾਲੀ ਵੀਰੇ, ਵਸਤ ਨੁਮਾਇਸ਼ੀ ਹੁੰਦੀ ਨਹੀਂਉਂ,
ਅੱਥਰੂ ਦਾ ਪਰਦਰਸ਼ਨ ਕਰੀਏ, ਬਣ ਜਾਂਦੈਂ ਇਹ ਗੰਧਲਾ ਪਾਣੀ।

ਆਰ ਪਾਰ ਰੂਹ ਅੰਦਰ ਬਰਛੀ, ਹੁਣ ਵੀ ਰੜਕ ਪਵੇ ਜਦ ਬੋਲਾਂ,
ਛੇੜ ਨਾ ਕਿੱਸੇ ਜ਼ਖ਼ਮਾਂ ਵਾਲੇ, ਤੇਰੇ ਲਈ ਇਹ ਕਥਾ ਕਹਾਣੀ।

ਉੱਜੜ ਗਿਆ ਗੁਲਜ਼ਾਰ, ਬੁਲਬੁਲਾਂ, ਰੁਲ ਗਈਆਂ ਜੀ ਦੇਸ ਪਰਾਏ,
ਰੁਲ਼ੇ ਪਰਾਂਦੇ ਸ਼ਗਨਾਂ ਵਾਲੇ, ਸਿਰ ਤੇ ਚਾਦਰ ਅੱਧੋਰਾਣੀ।

70