ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹਿੰਮਤ ਬਾਝੋਂ, ਭਲਿਆ ਲੋਕਾ, ਆਸ ਦੇ ਬੂਟੇ ਸੁੱਕ ਜਾਂਦੇ ਨੇ।
ਮਾਰ ਗੁਲੇਲਾਂ ਜੇ ਨਾ ਵਰਜੋ, ਤੋਤੇ ਅੰਬੀਆਂ ਟੁੱਕ ਜਾਂਦੇ ਨੇ।
ਖੂਹ ਦੀ ਮਾਲ੍ਹ ਜਿਹਾ ਤੂੰ ਹੋ ਜਾ, ਟਿੰਡਾਂ ਭਰ ਭਰ ਧਰਤੀ ਸਿੰਜ ਦੇ,
ਵਿਹਲਾ ਨਾ ਬਹਿ, ਏਸ ਤਰ੍ਹਾਂ ਤਾਂ, ਭਰੇ ਭੜੋਲੇ ਮੁੱਕ ਜਾਂਦੇ ਨੇ।
ਕਰ ਨਿਸ਼ਚਾ ਜੇ ਜਿੱਤਣਾ ਚਾਹੁੰਨੈਂ, ਜੀਵਨ ਬਾਜ਼ੀ,ਹਾਰ ਨਾ ਜਾਵੀਂ,
ਦੁਸ਼ਮਣ ਦੀ ਪਹਿਚਾਣ ਕਰੇ ਬਿਨ, ਅਸਲ ਨਿਸ਼ਾਨੇ ਉੱਕ ਜਾਂਦੇ ਨੇ।
ਅਸਲ ਸ਼ਿਕਾਰੀ ਖ਼ਾਲੀ ਹੱਥ, ਤੇ ਪੈਰਾਂ ਹੇਠ ਬਟੇਰ ਕਿਸੇ ਦੇ,
ਜ਼ਿੰਦਗੀ ਦੇ ਵਿੱਚ ਕਦੇ ਕਦਾਈਂ ਐਸੇ ਢੋਅ ਵੀ ਢੁੱਕ ਜਾਂਦੇ ਨੇ।
ਵੇਖੀਂ ਕਿਧਰੇ ਸੌਂ ਨਾ ਜਾਵੇ, ਹਰਕਤ ਤੇਰੀ ਵੀਣੀ ਅੰਦਰ,
ਜਬਰ ਜ਼ੁਲਮ ਨੂੰ ਵੇਖਦਿਆਂ ਹੀ, ਸ਼ੇਰ ਮੈਦਾਨੇ ਬੁੱਕ ਜਾਂਦੇ ਨੇ।
ਸੂਰਜ ਛਿਪਦੇ ਸਾਰ ਸਮੁੰਦਰ, ਕਿਹੜਾ ਆਖੇ, ਸੌਂ ਜਾਂਦਾ ਹੈ,
ਏਸ ਤਰ੍ਹਾਂ ਨਾ ਸੋਚ ਕਿ ਏਦਾਂ, ਵਗਦੇ ਦਰਿਆ ਰੁਕ ਜਾਂਦੇ ਨੇ।
ਦਿਲ ਦੇ ਦੂਲੇ, ਧਰਤੀ ਪੁੱਤਰ, ਮਰ ਜਾਂਦੇ ਪਰ ਮਿਟਦੇ ਨਹੀਂਉਂ,
ਫ਼ਰਜ਼ਾਂ ਖ਼ਾਤਰ ਗਰਜ਼ ਤਿਆਗਣ, ਤਖ਼ਤਾਂ ਉੱਤੇ ਥੱਕ ਜਾਂਦੇ ਨੇ।
71