ਪੰਨਾ:ਰਾਵੀ - ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਮੂਲ ਦਾ ਮਹਿੰਗਾ ਪੱਤਰਾ, ਸ਼ਬਦ ਗੁਰੂ ਹੈ ਸਰਬ ਨਿਰੰਤਰ।
ਜੱਗ ਰੁਸ਼ਨਾਇਆ ਚਹੁਦਿਸ ਜਿਸਨੇ, ਜਾਗਤ ਜੋਤ ਨਾ ਰੱਖਦੀ ਅੰਤਰ।

ਦੇ ਦਿੱਤਾ ਉਪਦੇਸ਼ ਜਗਾਇਆ, ਚਹੁੰ ਵਰਣਾਂ ਨੂੰ ਗੂੜ੍ਹੀ ਨੀਂਦੋਂ,
ਸਰਬ ਧਰਮ ਸਨਮਾਨ ਤੇ ਆਦਰ, ਸਰਬਕਾਲ ਲਈ ਇੱਕੋ ਮੰਤਰ।

ਨਾ ਡਰਨਾ ਨਾ ਕਿਸੇ ਡਰਾਉਣਾ, ਹਉਮੈਂ ਵਾਲੇ ਰਾਹ ਨਹੀਂ ਜਾਣਾ,
ਕਦਮ ਅਡੋਲ ਕਰਮ ਸ਼ੁਭ ਕਰਿਓ, ਜੇ ਰੱਖਣੀ ਏਂ ਹੋਂਦ ਸੁਤੰਤਰ।

ਮਨ ਦੀ ਚਾਰ ਦੀਵਾਰੀ ਅੰਦਰ, ਨਿਰਭਓ ਤੇ ਨਿਰਵੈਰ ਬਸੇਰਾ,
ਸ਼ਬਦ ਗੁਰੂ ਪਰਕਾਸ਼ ਕਰਦਿਆਂ, ਕਾਲ਼ੇ ਬੱਦਲ ਹੋਣ ਉਡੰਤਰ।

ਮੋਹ ਮਮਤਾ ਦੀ ਅਮਰ ਵੇਲ ਤੇ ਕਾਮ ਕਰੋਧੀ ਹੈਂਕੜਬਾਜ਼ੀ,
ਪੰਜੇ ਵੈਰੀ ਨੇੜ ਨਾ ਆਵਣ, ਰੂਹ ਵਿੱਚ ਵੱਸਦਾ ਜੇ ਗੁਰਮੰਤਰ।

ਧਰਮ ਅਧੀਨ ਜੇ ਤਾਜ ਰਹੇ, ਤਾਂ ਲੋਕ ਸੁਖੀ ਪਰਲੋਕ ਸੁਹੇਲੇ,
ਜੇ ਤਾਕਤ ਸਿਰ ਚੜ੍ਹ ਜਾਵੇ ਫਿਰ, ਕਿਹੜੇ ਲੋਕ ਤੇ ਕਿਹੜਾ ਤੰਤਰ?

ਇੱਕ ਓਂਕਾਰ ਤੋਂ ਤਰਦਾ ਚਾਨਣ, ਸ਼ਬਦ ਅਨੰਤ ਚਿਰਾਗ ਸਫ਼ਰ ਤੇ,
ਦੁਖ ਸੁਖ ਦੇ ਜੰਦਰੇ ਦੀ ਚਾਬੀ, ਸਰਬ ਕਲਾ ਦਾ ਏਹੀ ਯੰਤਰ।