ਪੰਨਾ:ਰਾਵੀ - ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਜਾਂਦੇ ਨੇ, ਤੁਰ ਜਾਂਦੇ ਨੇ, ਦੁੱਖ ਸੁਖ ਤਾਂ ਮਹਿਮਾਨ ਜਹੇ ਨੇ।
ਰੂਹ ਵਿੱਚ ਸੁਪਨੇ ਕਰਨ ਕਲੋਲਾਂ, ਉਹ ਤਾਂ ਮੇਰੀ ਜਾਨ ਜਹੇ ਨੇ।

ਸਿਰ ਤੇ ਨੀਲਾ ਅੰਬਰ ਫਿਰ ਵੀ, ਲਾਉਂਦੇ ਹੇਕਾਂ ਦਿਨ ਤੇ ਰਾਤਾਂ,
ਮੇਰੇ ਪਿੰਡ ਦੇ ਸਰਬ ਨਿਵਾਸੀ, ਨਿਰਧਨ ਵੀ ਧਨਵਾਨ ਜਹੇ ਨੇ।

ਉਹ ਪਲ ਮੇਰੀ ਰੂਹ ਦੀ ਜ਼ੀਨਤ, ਜੋ ਖ਼ੁਸ਼ਬੋਈਆਂ ਬਣ ਕੇ ਆਉਂਦੇ,
ਸੱਚ ਪੁੱਛੇਂ, ਜੇ ਫੇਰ ਦੁਬਾਰਾ, ਉਹ ਤੇਰੀ ਮੁਸਕਾਨ ਜਹੇ ਨੇ।

ਸਿਦਕ ਸਬੂਰੀ ਰੂਹ ਦਾ ਗਹਿਣਾ, ਸਦਾ ਜਗਾ ਕੇ ਰੱਖਦੇ ਮੈਨੂੰ,
ਵਿਚਲੀ ਗੱਲ ਤਾਂ ਕੇਵਲ ਏਨੀ, ਇਹ ਮਨ ਦੇ ਦਰਬਾਨ ਜਹੇ ਨੇ।

ਮਾਂ ਦੀ ਬੁੱਕਲ ਅੰਦਰ ਬੈਠੇ, ਬਾਲ ਅਲੂੰਏਂ ਨਿਰਛਲ ਹੱਸਦੇ,
ਰੂਹ ਦਾ ਚੰਬਾ ਖੇੜਨ ਖ਼ਾਤਰ, ਬਿਨ ਮੰਗੇ ਵਰਦਾਨ ਜਹੇ ਨੇ।

ਮਨ ਮਸਤਕ ਦੀ ਚਾਰਦੀਵਾਰੀ ਅੰਦਰ ਬਾਲਣ ਜੋਤ ਨਿਰੰਤਰ,
ਤੇਰੇ ਬੋਲ ਮੁਹੱਬਤ ਵਾਲੇ, ਮੇਰੇ ਲਈ ਭਗਵਾਨ ਜਹੇ ਨੇ।

ਪਿਆਰ ਵਿਹੂਣੇ ਅੰਦਰੋਂ ਸੱਖਣੇ, ਅਗਨ ਅੰਗੀਠੀ ਬਾਲ਼ੀ ਰੱਖਣ,
ਕੀ ਪੁੱਛਦੇ ਹੋ ਇਨ੍ਹਾਂ ਬਾਰੇ, ਤਨ ਮਨ ਕਬਰਿਸਤਾਨ ਜਹੇ ਨੇ।

73