ਪੰਨਾ:ਰਾਵੀ - ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤੀਂ ਤੈਨੂੰ ਰੱਜ ਕੇ ਤੱਕਿਆ, ਪਰ ਤੱਕਿਆ ਸੀ ਖ੍ਵਾਬ ਦੇ ਅੰਦਰ।
ਮਹਿਕ ਜਿਵੇਂ ਅਣਦਿਸਦੀ ਹੋਵੇ, ਸੱਚੇ ਸੁਰਖ਼ ਗੁਲਾਬ ਦੇ ਅੰਦਰ।

ਚੰਦਨ ਰੁੱਖੜੇ ਅੰਦਰ ਬੈਠੀ, ਰੰਗ ਰੱਤੜੀ ਖ਼ੁਸ਼ਬੋਈ ਜੀਕੂੰ,
ਸਾਹਾਂ ਦੇ ਵਿੱਚ ਮਹਿਕ ਨਿਰੰਤਰ, ਧੁਖਦੀ ਧੂਫ਼ ਜਨਾਬ ਦੇ ਅੰਦਰ।

ਚਾਰ ਚੁਫ਼ੇਰ ਹਨ੍ਹੇਰ ਪਿਆ ਤੇ, ਨੈਣ ਮਿਰਗਣੇ ਟਿਮਕ ਰਹੇ ਨੇ,
ਸੁਪਨੇ ਸੁਪਨੇ ਸੁਪਨੇ ਡਲ੍ਹਕਣ, ਮੋਤੀ ਨੈਣ ਤਲਾਬ ਦੇ ਅੰਦਰ।

ਧਾਹ ਗਲਵੱਕੜੀ ਪਾਉਣ ਤੋਂ ਪਹਿਲਾਂ, ਪਤਾ ਨਹੀਂ ਕਿੰਜ ਨੀਂਦਰ ਖੁੱਲ੍ਹੀ,
ਹੁਣ ਤੀਕਰ ਵੀ ਤਨ ਮਨ ਕੰਬ ਕੰਬਣੀ, ਮੋਹਵੰਤੇ ਸੈਲਾਬ ਦੇ ਅੰਦਰ।

ਮਾਣ ਅਤੇ ਸਵੈਮਾਣ ਗੁਆ ਕੇ, ਅੱਥਰੇ ਦਰਿਆ ਕਿੱਥੇ ਵਹਿੰਦੇ,
ਪਰਛਾਵੇਂ ਤੇ ਪੈੜਾਂ ਗੁੰਮੀਆਂ, ਲੱਭਦਾ ਫਿਰਾਂ ਪੰਜਾਬ ਦੇ ਅੰਦਰ।

ਏਸ ਬੁਝਾਰਤ ਦਾ ਮੈਂ ਉੱਤਰ, ਦੇਵਾਂ ਤਾਂ ਹੁਣ ਕਿੱਦਾਂ ਦੇਵਾਂ,
ਸੱਚ ਪੁੱਛੋ ਮਰਦਾਨੇ ਬਾਝੋਂ, ਰਸ ਨਹੀਂ ਰਿਹਾ ਰਬਾਬ ਦੇ ਅੰਦਰ।

ਸੁਪਨ ਅਧੂਰੇ, ਹੌਕੇ ਹਾਵੇ, ਮੈਂ ਸੁਣਿਆ ਸੀ ਗੱਲਾਂ ਕਰਦੇ,
ਗਿਣਤੀ-ਮਿਣਤੀ ਖਾ ਗਈ ਕਿੰਨੇ, ਰਿਸ਼ਤੇ ਗਲਤ ਹਿਸਾਬ ਦੇ ਅੰਦਰ।

83