ਪੰਨਾ:ਰਾਵੀ - ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰ ਤੇਰੇ ਤਿਰਕਾਲਾਂ ਮਗਰੋਂ, ਅੰਬਰ ਦੇ ਵਿੱਚ ਚਮਕੇ ਤਾਰੇ।
ਅੱਖੀਆਂ ਵਿੱਚੋਂ ਛਲਕਣ ਅੱਥਰੂ, ਮੋਤੀ ਜੀਕੂੰ ਮਣ ਮਣ ਭਾਰੇ।

ਮਸਜਿਦ ਵਿੱਚ ਅਜ਼ਾਨ ਤੇ ਮੰਦਰ ਅੰਦਰ ਟੱਲੀਆਂ ਟੁਣਕਦੀਆਂ ਸੀ,
ਸੰਖ ਪੂਰ ਰਹਿਰਾਸ ਤੋਂ ਮਗਰੋਂ, ਚੁੱਪ ਦਾ ਪਹਿਰਾ ਗੁਰੂ ਦਵਾਰੇ।

ਟਿਕੀ ਰਾਤ ਵਿੱਚ ਚੰਨ ਦਾ ਟੋਟਾ, ਚੋਰ ਝਾਤੀਆਂ ਮਾਰ ਰਿਹਾ ਸੀ,
ਘੂਕ ਪਏ ਸੀ ਨੀਂਦ ਵਿਗੁੱਤੇ, ਮੈਂ ਤੇ ਮੇਰੇ ਸੁਪਨੇ ਸਾਰੇ।

ਅਚਨਚੇਤ ਇੱਕ ਹੌਕਾ ਆਇਆ, ਮਗਰੋਂ ਮੇਰੀ ਨੀਂਦਰ ਟਲ ਗਈ,
ਭਰਮ ਪਿਆ ਕਿ ਮੈਨੂੰ ਕੋਈ, ਦਿਸਦਾ ਨਾ ਪਰ 'ਵਾਜਾਂ ਮਾਰੇ।

ਬਿਨ ਮਿਲਿਆਂ ਤੋਂ ਹੋ ਗਏ ਮੇਲੇ, ਕਣ ਕਣ ਵਿੱਚ ਖ਼ੁਸ਼ਬੂ ਦਾ ਵਾਸਾ,
ਇਉਂ ਲੱਗਿਆ ਜਿਉਂ ਮੱਥਾ ਚੁੰਮਿਆ ਮੇਰਾ ਸੋਹਣੇ ਕ੍ਰਿਸ਼ਨ ਮੁਰਾਰੇ।

ਇਹ ਤੇਰੇ 'ਤੇ ਨਿਰਭਰ ਹੈ ਹੁਣ, ਇਸ ਤੋਂ ਅੱਗੇ ਨੂੰ ਕੀ ਕਰਨਾ,
ਰੂਹ ਮੇਰੀ ਨਿਰਵਸਤਰ ਫਿਰਦੀ, ਵੇਖ ਲਿਆ ਕਰ ਦਿਲ ਦਰਬਾਰੇ।

ਨਿਮਖ ਨਾ ਵਿੱਛੜੀਂ ਧੜਕਣ ਜੇਹੀਏ, ਟਿਕ ਟਿਕ ਧੜਕ ਦਿਲੇ ਦੇ ਅੰਦਰ,
ਜੇ ਨਾ ਸਾਥ ਨਿਭਾਇਆ ਤੂੰ ਫਿਰ, ਸਾਹ ਹੋ ਜਾਣੇ ਬੇਇਤਬਾਰੇ।

86