ਪੰਨਾ:ਰਾਵੀ - ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਧਰ ਤੁਰਿਉਂ, ਕਿੱਥੇ ਪਹੁੰਚੋਂ, ਧਰਤੀ ਧਰਮ ਨਿਭੌਣ ਵਾਲਿਆ।
ਭਟਕਣ ਚਾਰ ਚੁਫ਼ੇਰਿਉਂ ਘੇਰੇ, ਸਾਬਤ ਸਿਦਕ ਪੜੌਣ ਵਾਲਿਆ।

ਦਿਨ ਤੇ ਰਾਤ ਹਨ੍ਹੇਰਾ ਗੂੜ੍ਹਾ, ਗ਼ਰਜ਼ਾਂ ਅੱਗੇ ਫ਼ਰਜ਼ ਗਵਾਚੇ,
ਪੁੱਤਰ ਧੀਆਂ ਸਬਕ ਭੁਲਾਇਆ, ਸਾਡੇ ਰਾਹ ਰੁਸ਼ਨੌਣ ਵਾਲਿਆ।

ਨਰਮ ਗਦੇਲੇ ਉੱਪਰ ਨੀਂਦਰ, ਗੋਲੀ ਖਾ ਕੇ ਵੀ ਨਾ ਆਵੇ,
ਮਨ ਦੇ ਅੰਦਰ ਮਾਛੀਵਾੜਾ, ਕੰਡਿਆਂ ਉੱਤੇ ਸੌਣ ਵਾਲਿਆ।

ਕੁੱਲ ਦੁਨੀਆਂ ਦੀ ਸਾਂਝੀ ਬੁੱਕਲ, ਹੋ ਚੱਲੀ ਏ ਤੰਦਾ ਤੀਰੀ*,
ਖਿੱਲਰ ਚੱਲੀ ਰੂਹ ਦੀ ਦੌਲਤ, ਟੁੱਟੀ ਨੂੰ ਗੰਢ ਲੌਣ ਵਾਲਿਆ।

ਮਾਂ ਭਾਗੋ ਦੇ ਧੀਆਂ ਪੁੱਤਰ, ਤੁਰਦੇ ਨਾ ਰਣਭੂਮੀ ਵੱਲ ਨੂੰ,
ਧਰਮ ਧੁਰੇ ਤੋਂ ਨਿੱਖੜ ਚੱਲੇ, ਮੁਕਤੀ ਮਾਰਗ ਪੌਣ ਵਾਲਿਆ।

ਤੇਜ਼ ਧਾਰ ਤਲਵਾਰੋਂ ਤਿੱਖੇ, ਸ਼ਬਦ ਬਾਣ ਫਿਰ ਕੱਸ ਕੇ ਮਾਰੋ,
ਔਰੰਗਜ਼ੇਬ ਅਜੇ ਨਹੀਂ ਮਰਿਆ, ਮੁੜ ਮੁੜ ਕੇ ਸਮਝੌਣ ਵਾਲਿਆ।

ਚਿੜੀਆਂ ਫੇਰ ਨਿਸ਼ਾਨੇ ਉੱਤੇ, ਬਾਜ਼ ਬਣੇ ਜਰਵਾਣੇ ਮੁੜ ਕੇ,
ਜ਼ਾਲਮ ਸਾਨੂੰ ਫੇਰ ਵੰਗਾਰੇ, ਗਿੱਚੀ ਨੂੰ ਹੱਥ ਪੌਣ ਵਾਲਿਆ।

* ਤਾਰੋ ਤਾਰ

98