ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਮਣੇ ਆਪਣੇ ਦੁੱਖ ਹੌਲੇ ਜਾਪਣ ਲੱਗੇ। ਬਹੁਤ ਦੇਰ ਚੁੱਪ ਬੈਠੀ ਤੇਰੇ ਬਾਰੇ ਸੋਚਦੀ ਰਹੀ ਤੇ ਸ਼ਾਇਦ ਤੂੰ ਮੇਰੇ ਬਾਰੇ। ਸੋਚਿਆ, ‘ਐਡਾ ਵੱਡਾ ਦਰਦ ਢਿੱਡ ’ਚ ਲਈ ਫਿਰਦਾ ਹੈ, ਇਹ ਜੀਅ ਕਿਸ ਤਰ੍ਹਾਂ ਰਿਹਾ ਹੈ। ਫਿਰ ਦਰਦ ਵੀ ਉਹ, ਜੋ ਇਸਨੇ ਆਪ ਨਹੀਂ ਸਹੇੜਿਆ। ਜਬਰਦਸਤੀ ਕਿਸੇ ਨੇ ਇਸ ਦੇ ਗਲ ਮੜ੍ਹ ਦਿੱਤਾ ਤੇ ਮੈਂ... ਮੈਂ ਤਾਂ ਸਾਰੇ ਦਰਦ ਆਪ ਸਹੇੜੇ ਨੇ। ਜਾਣੇ-ਅਣਜਾਣੇ ਆਪ ਗਲਤੀ ਕੀਤੀ ਹੈ। ਹੁਣ ਆਪ ਵੀ ਦੁਖੀ ਤੇ ਮਾਂ-ਬਾਪ ਵੀ।’

ਕਾਫ਼ੀ ਦੇਰ ਚੁੱਪ ਬੈਠੇ ਰਹੇ। ਫੇਰ ਤੂੰ ਬੋਲਿਆ, “ਆਪਣੇ ਬਾਰੇ ਕੁੱਝ ਨੀ ਦੱਸੇਂਗੀ?”

ਮੈਂ ਸਮੁੰਦਰ ਵੱਲ ਵੇਖਣ ਲੱਗੀ। ਰੇਤ ਵਿੱਚ ਉਂਗਲਾਂ ਮਾਰਨ ਲੱਗੀ। ਸੋਚਿਆ, ‘ਕੀ ਦੱਸਾਂ!’ ਮੇਰੀ ਜ਼ਿੰਦਗੀ ਬਾਰੇ ਤੇ ਚੱਲ ਰਹੇ ਵਰਤਾਰੇ ਬਾਰੇ ਮੈਂ ਖ਼ੁਦ ਹੀ ਸਪੱਸ਼ਟ ਨਹੀਂ ਸੀ, ਕੀ ਦਸਦੀ। ਤੂੰ ਲਗਾਤਾਰ ਮੇਰੇ ਵੱਲ ਵੇਖ ਰਿਹਾ ਸੀ। ਮੇਰੀਆਂ ਅੱਖਾਂ ਜਾਂ ਚਿਹਰੇ ’ਤੇ ਕੁੱਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਚੁੱਪ ਹੀ ਬੈਠੀ ਰਹੀ।

ਤੂੰ ਫਿਰ ਕਿਹਾ, ‘ਕੁੱਝ ਤਾਂ ਬੋਲ....ਕੁੱਝ ਤਾਂ ਕਹਿ। ਸੱਚ ਨਹੀਂ ਦੱਸਣਾ ਤਾਂ ਕੁਝ ਝੂਠ-ਮੂਠ ਹੀ ਸਹੀ।’

ਇਹ ਸੁਣ ਮੇਰੇ ਮਨ ’ਚ ਇੱਕ ਚੀਸ ਜਿਹੀ ਉੱਠੀ। ਹਉਕਾ ਜਿਹਾ ਲਿਆ ਤੇ ਕੁੱਝ ਬੋਲਣ ਦੀ ਕੋਸ਼ਿਸ਼ ਵੀ ਕੀਤੀ ਪਰ ਮੈਥੋਂ ਬੋਲ ਨਾ ਹੋਇਆ। ਤੂੰ ਮੇਰੇ ਵੱਲ ਵੇਖ ਰਿਹਾ ਸੀ। ਤੇਰੀਆਂ ਸ਼ਾਂਤ ਅੱਖਾਂ ਵਿੱਚ ਹਮਦਰਦੀ ਸੀ, ਪਿਆਰ ਸੀ, ਦਿਲਾਸਾ ਸੀ, ਹੋਰ ਬੜਾ ਕੁੱਝ ਸੀ। ਮੇਰੀ ਹਾਲਤ ਐਸੀ ਹੋ ਗਈ, ਨਾ ਕੁੱਝ ਬੋਲ ਹੋਵੇ, ਨਾ ਤੇਰੀਆਂ ਅੱਖਾਂ ਵੱਲ ਵੇਖ ਹੋਵੇ। ਮੈਂ ਬਹੁਤ ਭਾਵੁਕ ਹੋ ਗਈ, ਬਹੁਤ ਭਾਵੁਕ। ਬੱਸ ਫੇਰ ਤਾਂ ਪਤਾ ਹੀ ਨਾ ਲੱਗਾ, ਕਦ ਮੇਰੀਆਂ ਬਾਹਾਂ ਤੇਰੇ ਗਲ ਦੁਆਲੇ ਵਲੀਆਂ ਗਈਆਂ। ਅੱਖਾਂ ’ਚੋਂ ਪਾਣੀ ਵਗਣ ਲੱਗਾ।

ਤੂੰ ਮੈਨੂੰ ਆਪਣੀਆਂ ਬਾਹਾਂ ’ਚ ਘੁੱਟ ਲਿਆ। ਮੇਰੇ ਮੋਢਿਆਂ ਨੂੰ ਥਪ-ਥਪਾ ਕੇ ਹੌਸਲਾ ਦੇਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਬੜਾ ਹੀ ਚੰਗਾ ਲੱਗਾ। ਮਨ ਨੂੰ ਕੋਈ ਅਜੀਬ ਸਕੂਨ ਮਿਲਿਆ। ਕਿੰਨਾ ਹੀ ਚਿਰ ਅਸੀਂ ਚੁੱਪ-ਚਾਪ ਇਸੇ ਤਰ੍ਹਾਂ ਬੈਠੇ ਰਹੇ।

ਬਾਅਦ ਵਿੱਚ ਕੁੱਝ ਸੰਭਲੇ। ਭਾਵੁਕਤਾ ਤੋਂ ਬਾਹਰ ਆਏ। ਅਸੀਂ ਹੋਰ ਗੱਲਾਂ ਕਰਨ ਲੱਗੇ। ਆਪਾਂ ਬਹੁਤ ਗੱਲਾਂ ਕੀਤੀਆਂ ਪਰ ਫਿਰ ਵੀ ਤੂੰ ਹੀ ਬੋਲਦਾ ਰਿਹਾ ਤੇ ਮੈਂ ਹੁੰਗਾਰਾ ਭਰਦੀ ਰਹੀ। ਆਪਣੇ ਬਾਰੇ ਮੈਂ ਤੈਨੂੰ ਕੁੱਝ ਵੀ ਨਾ ਦੱਸਿਆ। ਮੈਂ ਖੁਸ਼ ਸੀ, ਤੂੰ ਇਸਦਾ ਬੁਰਾ ਨਹੀਂ ਮਨਾਇਆ। ਕੁੱਝ ਚਿਰ ਬਾਅਦ ਤੂੰ ਜਹਾਜ਼ ’ਚ ਜਾਣਾ ਸੀ। ਮੈਂ ਹੋਟਲ ਵਾਪਸ ਮੁੜਨਾ ਸੀ। ਆਪਾਂ ਇੱਕ ਦੂਜੇ ਤੋਂ ਵਿਦਾ ਹੋਣ ਲੱਗੇ। ਵਿਦਾ ਹੋਣ ਵੇਲੇ ਬੜੇ ਭਾਵੁਕ ਸ਼ਬਦਾਂ ’ਚ ਤੂੰ ਕਿਹਾ,

111/ਰੇਤ ਦੇ ਘਰ