ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਈ ਅਰਬੀ-ਪਾਇਲਟ ਕਿਤੇ ਤੇਰੇ ਵੱਲ ਹੀ ਨਾ ਵੇਖੀ ਜਾਵੇ।” ਮਜ਼ਾਕੀਆ ਲਹਿਜ਼ੇ ’ਚ ਮੈਂ ਕਿਹਾ।

“ਮੈਂ ਵੀ ਤਾਂ ਇਸੇ ਲਈ ਨਵਾਂ ਸੂਟ ਪਾ ਕੇ ਆਈ ਹਾਂ ਕਿ ਉਹ ਮੇਰੇ ਵੱਲ ਵੇਖੇ। ਔਰਤ ਦੀ ਖ਼ਵਾਹਿਸ਼ ਹੁੰਦੀ ਹੈ ਕਿ ਬੰਦਾ ਉਸ ਵੱਲ ਵੇਖੇ, ਉਸਦੀ ਤਾਰੀਫ਼ ਕਰੇ, ਔਰਤ ਨੂੰ ਚੰਗਾ ਲੱਗਦਾ ਹੈ।” ਜੱਸੀ ਦਾ ਅੰਦਾਜ਼ ਹੋਰ ਵੱਧ ਮਜ਼ਾਕੀਆ ਸੀ।

ਜੱਸੀ ਪੂਰੀ ਖ਼ੁਸ਼ ਸੀ ਤੇ ਅੱਖਾਂ ਮਟਕਾ-ਮਟਕਾ ਮੇਰੇ ਵੱਲ ਦੇਖ ਰਹੀ ਸੀ। ਅਸੀਂ ਬਰਿੱਜ਼ ਦੇ ਇੱਕ ਪਾਸੇ ਵੱਲ ਖੜ੍ਹੇ ਹੋ ਕੇ ਗੱਲਾਂ ਕਰਨ ਲੱਗੇ। ਗੱਲਾਂ ਕਰ ਹੀ ਰਹੇ ਸੀ ਕਿ ਰੇਡੀਓ-ਅਫ਼ਸਰ ਕਹਿਣ ਲੱਗਾ, “ਸਰ ਅੰਦਰ ਜਾਣ ਦਾ ਸੰਦੇਸ਼ ਆ ਗਿਆ ਹੈ। ਥੋੜ੍ਹੇ ਚਿਰ ’ਚ ਹੀ ਪਾਇਲਟ ਪਹੁੰਚ ਰਿਹਾ ਹੈ।”

“ਓ.ਕੇ. ਮਾਰਕੋਨੀ।” (ਜਹਾਜ਼ਾਂ ’ਚ ਰੇਡੀਓ-ਅਫ਼ਸਰ ਨੂੰ ਮਾਰਕੋਨੀ ਕਹਿੰਦੇ ਹਨ)

ਫਿਰ ਬੰਦਰਗਾਹ ਵੱਲੋਂ ਪਾਇਲਟ ਦਾ ਝੰਡਾ ਲਹਿਰਾਉਂਦੀ ਇੱਕ ਕਿਸ਼ਤੀ, ਜਹਾਜ਼ ਵੱਲ ਆਉਂਦੀ ਨਜ਼ਰ ਆਈ। ਪਾਣੀ ਨੂੰ ਚੀਰਦੀ ਤੇਜ਼ ਰਫ਼ਤਾਰ ਆ ਰਹੀ ਕਿਸ਼ਤੀ, ਜਿਉਂ ਹੀ ਨਜ਼ਦੀਕ ਆਈ ਤੇ ਇਸ ਦੀ ਰਫ਼ਤਾਰ ਥੋੜ੍ਹੀ ਘੱਟ ਹੋਈ ਤਾਂ ਇੱਕ ਨੌਜਵਾਨ ਲੜਕੀ ਕਿਸ਼ਤੀ ਦੇ ਕੰਟਰੋਲ ਰੂਮ ’ਚੋਂ ਬਾਹਰ ਆਈ ਤੇ ਅਗਲੇ ਪਾਸੇ ਰੇਲਿੰਗ ਫੜ ਖੜ੍ਹੀ ਹੋ ਗਈ।

“ਹੈਂਅ, ਔਰਤ ਪਾਇਲਟ।” ਮੇਰੇ ਮਨ ਨੇ ਹਉਂਕਾ ਜਿਹਾ ਲਿਆ।

ਗੋਰਾ ਰੰਗ, ਗੋਲ ਸੁੰਦਰ ਚਿਹਰਾ, ਪਾਇਲਟ ਟੋਪੀ ਤੋਂ ਬਾਹਰ ਪਿੱਛੇ ਲਟਕ ਰਹੇ ਸਟਾਈਲ ਨਾਲ ਕੱਟੇ ਹੋਏ ਵਾਲ, ਚਿੱਟੀ ਵਰਦੀ, ਮੋਢੇ 'ਤੇ ਲੱਗੇ ਬੈਜ਼, ਉਹ ਤਾਂ ਇੰਦਰ ਦੇ ਅਖਾੜੇ ਦੀ ਕੋਈ ਪਰੀ ਲੱਗ ਰਹੀ ਸੀ। ਕਿਸ਼ਤੀ ਹੌਲੀ-ਹੌਲੀ ਜਹਾਜ਼ ਦੇ ਬਿਲਕੁਲ ਨਾਲ ਆ ਲੱਗੀ। ਉਸਨੇ ਝੱਟ ਹੀ ਲਟਕ ਰਿਹਾ ਪਾਇਲਟ-ਲੈਡਰ (ਪੌੜੀ) ਫੜੀ ਤੇ ਟਪੂਸੀਆਂ ਮਾਰਦੀ ਜਹਾਜ਼ ਦੇ ਡੈਕ ’ਤੇ ਆ ਗਈ।

ਮੈਂ ਹੈਰਾਨ, ਉਹ ਤਾਂ ਕਿਸੇ ਨੌਜਵਾਨ ਮਰਦ ਵਾਂਗ ਹੀ ਚੜ੍ਹ ਆਈ ਸੀ। ਡਿਊਟੀ-ਅਫ਼ਸਰ ਨੇ ਜੀ ਆਇਆਂ ਕਿਹਾ ਤੇ ਫਟਾਫਟ ਬਰਿੱਜ਼ ਵਿੱਚ ਲੈ ਆਇਆ।

ਬਰਿੱਜ਼ ’ਚ ਦਾਖ਼ਲ ਹੁੰਦੇ ਹੀ, ‘ਹੈਲੋ ਫਰੈਂਡਜ਼’ ਕਹਿ ਉਸਨੇ ਹੱਥ ਹਿਲਾਇਆ ਤੇ ਮੁਸਕਰਾ ਕੇ ਸਭ ਵੱਲ ਦੇਖਿਆ। ਹੁਣ ਉਹ ਬਰਿੱਜ਼ ਅੰਦਰ ਇਕਦਮ ਮੇਰੇ ਸਾਹਮਣੇ ਖੜ੍ਹੀ ਸੀ। ਉਸਦੀ ਸੁੰਦਰਤਾ ਤੇ ਹੁਸਨ ਦਾ ਜਲਵਾ ਕਹੋ ਜਾਂ ਜਾਦੂ, ਉਸਨੂੰ ਸਾਹਮਣੇ ਵੇਖ ਮੇਰੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ।

41/ਰੇਤ ਦੇ ਘਰ