ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਰ੍ਹਾਂ ਦੇ ਸਵਾਲ-ਜਵਾਬ ਲਈ ਮੈਂ ਤਿਆਰ ਹੀ ਨਹੀਂ ਸੀ। ਮੈਂ ਤਾਂ ਅਜੇ ਵੀ ਪਾਇਲਟ ਨਾਲ ਕੀਤੀਆਂ ਗੱਲਾਂ ਤੇ ਉਸ ਨਾਲ ਬਿਤਾਏ ਪਲਾਂ ਦੇ ਸਮੁੰਦਰ ’ਚ ਗੋਤੇ ਖਾ ਰਿਹਾ ਸੀ।

ਸਮੇਂ ਦੀ ਨਜ਼ਾਕਤ ਨੂੰ ਸਮਝਣ ਤੇ ਜਾਣਨ ਤੋਂ ਬਗੈਰ ਹੀ, ਮੈਂ ਕੁਰਸੀ ਉੱਪਰ ਬੈਠੀ ਜੱਸੀ ਨੂੰ ਆਪਣੀਆਂ ਬਾਹਾਂ ਦੇ ਕਲਾਵੇ ’ਚ ਲੈਣ ਦੀ ਕੋਸ਼ਿਸ਼ ਕੀਤੀ। ਉਹ ਇਕਦਮ ਕੁਰਸੀ ਤੋਂ ਉੱਠੀ ਤੇ ਪਰ੍ਹੇ ਹੋ ਕੇ ਸੋਫੇ ’ਤੇ ਜਾ ਬੈਠੀ।

ਜਦੋਂ ਮੈਂ ਜੱਸੀ ਵੱਲ ਮੁੜਿਆ ਤਾਂ ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲੀ, “ਪਾਇਲਟ ਨਾਲ ਜੱਫੀ ਪਾ ਕੇ ਜੀਅ ਨਹੀਂ ਭਰਿਆ।” ਉਸਦੀ ਆਵਾਜ਼ ਤਲਖ਼ ਤੇ ਭਾਰੀ ਸੀ। ਉਹ ਕੁੱਝ ਹੋਰ ਕਹਿਣਾ ਚਾਹੁੰਦੀ ਸੀ ਪਰ ਸ਼ਾਇਦ ਕਹਿ ਨਾ ਹੋਇਆ। ਉਸਨੇ ਆਪਣੇ ਬੁੱਲ੍ਹਾਂ ਨੂੰ ਇਸ ਤਰ੍ਹਾਂ ਘੁੱਟਿਆ, ਜਿਵੇਂ ਕੋਈ ਗਹਿਰੀ ਪੀੜ ਹੋਈ ਹੋਵੇ। ਉਸਨੇ ਗਲ ਦੇ ਅੰਦਰ ਹੀ ਅੰਦਰ, ਔਖੀ ਕੋਈ ਘੱਟ ਜਿਹੀ ਭਰੀ ਤੇ ਚੁੱਪ ਰਹੀ। ਉਹ ਬਹੁਤ ਪ੍ਰੇਸ਼ਾਨ ਸੀ।

ਮੈਨੂੰ ਉਥੇ ਖੜ੍ਹਾ ਰਹਿਣਾ ਬੜਾ ਔਖਾ ਲੱਗਿਆ। ਪਹਿਲੀ ਵਾਰ ਜੱਸੀ ਨੂੰ ਇਸ ਤਰ੍ਹਾਂ ਉਦਾਸ ਤੇ ਪ੍ਰੇਸ਼ਾਨ ਵੇਖ ਰਿਹਾ ਸੀ। ਉਹ ਬਹੁਤ ਹੀ ਅਸਹਿਜ ਸੀ। ਮੈਨੂੰ ਜੱਸੀ ਕੋਲੋਂ ਡਰ ਜਿਹਾ ਆਉਣ ਲੱਗਾ।

ਚੰਗਾ ਹੁੰਦਾ ਕੁੱਝ ਚਿਰ ਲਈ ਜੱਸੀ ਨੂੰ ਇਕੱਲਿਆਂ ਛੱਡ, ਮੈਂ ਵਾਪਸ ਬਰਿੱਜ਼ ਵਿੱਚ ਚਲਾ ਜਾਂਦਾ। ਸ਼ਾਇਦ ਹੌਲੀ-ਹੌਲੀ ਉਹ ਸਹਿਜ ਹੋ ਜਾਂਦੀ। ਮੈਂ ਇਹ ਵੀ ਨਾ ਕਰ ਸਕਿਆ। ਉਸ ਦੀ ਹਾਲਤ ਵੇਖ ਮੈਂ ਜੱਸੀ ਨਾਲੋਂ ਵੀ ਵੱਧ ਅਸਹਿਜ ਹੋ ਗਿਆ। ਸੋਫੇ ’ਤੇ ਉਸਦੇ ਕੋਲ ਬੈਠ ਗਿਆ ਤੇ ਨਾਲ ਇਹ ਵੀ ਕਹਿ ਬੈਠਾ, “ਜੱਸੀ ਆਪਾਂ ਬਾਹਰ ਘੁੰਮਣ ਚਲਦੇ ਹਾਂ, ਮੈਂ ਗੱਡੀ ਮੰਗਵਾਈ ਹੈ।”

ਇਹ ਸੁਣਦੇ ਸਾਰ ਉਸਨੇ ਘੂਰ ਕੇ ਮੇਰੇ ਵੱਲ ਵੇਖਿਆ ਪਰ ਅਜੇ ਵੀ ਉਹ ਆਪਣੇ ਆਪ ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, “ਨਹੀਂ...ਕਿਤੇ ਜਾਣ ਦਾ ਮੇਰਾ ਮੂਡ ਨਹੀਂ, ਤੁਸੀਂ ਜਾਓ।” ਉਹ ਉੱਚੀ ਆਵਾਜ਼ ’ਚ ਬੋਲੀ ਸੀ।

ਮੈਂ ਫਿਰ ਵੀ ਨਾ ਸਮਝਿਆ ਤੇ ਕੁੱਝ ਮਰਦਾਂ ਵਾਲਾ ਰੰਗੜਾਊਪੁਣਾ।

“ਠੀਕ ਹੈ ਡੇਰਾ ਮੂਡ ਨਹੀਂ ਤਾਂ ਮੈਂ ਵੀ ਕੈਂਸਲ ਕਰ ਦਿੰਦਾ ਹਾਂ ਪਰ ਮੈਂ ਸੋਚਦਾ ਸੀ, ਅੱਜ ਤੂੰ ਨਵਾਂ ਸੂਟ ਪਾਇਆ ਹੈ, ਸੋਹਣਾ ਵੀ ਬਹੁਤ ਲੱਗਦੈਂ, ਆਪਾਂ ਇਸ ਨਵੇਂ ਸੂਟ ਨਾਲ ਇਸ ਨਵੇਂ ਸ਼ਹਿਰ ’ਚ ਘੁੰਮ ਕੇ ਆਉਂਦੇ।”

ਨਵੇਂ ਸੂਟ ਦਾ ਨਾਂ ਸੁਣਦੇ ਸਾਰ ਉਸਦੇ ਚਿਹਰੇ ਦਾ ਰੰਗ ਇਕਦਮ ਬਦਲ ਗਿਆ। ਅੱਖਾਂ ਲਾਲ ਅੰਗਿਆਰ ਵਾਂਗ ਦਗਣ ਲੱਗੀਆਂ। ਬੁੱਲ੍ਹ ਫਟਕਣ ਲੱਗੇ। ਹੱਥ ਤੇ ਸਾਰਾ ਸਰੀਰ ਕੰਬਣ ਲੱਗਾ। ਉਹ ਜੱਸੀ ਨਾ ਹੋ ਕੇ ਕੁੱਝ ਹੋਰ

47/ਰੇਤ ਦੇ ਘਰ