ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਪਾਈ ਸ਼ੁਰੂ ਕਰਤੀ। ਲੁੱਟਮਾਰ ਕਰਕੇ ਚਲੇ ਜਾਣਗੇ, ਬਾਅਦ ’ਚ ਦੇਖਦੇ ਹਾਂ। ਐਨਾ ਭਾਵੁਕ ਹੋ ਕੇ ਜ਼ਿੰਦਗੀ ਨਹੀਂ ਨਿਕਲਦੀ। ਪਤੈ ਜਹਾਜ਼ ’ਚ ਕਿੰਨੇ ਡਾਲਰ ਮਿਲਦੇ ਨੇ। ਫਿਰ ਉਨ੍ਹਾਂ ਨੂੰ ਪੰਜਾਹ ਨਾਲ ਹੋਰ ਗੁਣਾ ਕਰਦੇ, ਐਨੇ ਰੁਪਏ ਬਣਦੇ ਨੇ। ਕੀ ਕਰਾਂਗੇ ਇੰਡੀਆ ਜਾ ਕੇ। ਜੇ ਮਾੜੀ-ਮੋਟੀ ਨੌਕਰੀ ਮਿਲ ਵੀ ਗਈ ਤਾਂ ਉਹਦੇ ’ਚ ਕੀ ਰਾਸ਼ਨ ਖਰੀਦਾਂਗੇ, ਕੀ ਕੱਪੜਾ-ਲੀੜਾ, ਦਵਾਈਆਂ ਤੇ ਅੱਗੇ ਬੱਚਿਆਂ ਦੇ ਖਰਚੇ। ਹੋਰ ਬਥੇਰੇ ਖਰਚੇ ਨੇ। ਉਹਦੇ 'ਚ ਤਾਂ ਤੇਰੀਆਂ ਪਾਊਡਰ-ਕਰੀਮਾਂ ਹੀ ਨੀ ਪੂਰੀਆਂ ਹੋਣੀਆਂ।”

ਪੋਡਰ-ਕਰੀਮਾਂ ਸੁਣ ਮੈਨੂੰ ਹੋਰ ਗੁੱਸਾ ਆ ਗਿਆ, “ਰਾਜ ਮੈਨੂੰ ਕੁੱਝ ਨਹੀਂ ਚਾਹੀਦਾ, ਬੰਦੇ ਨਾਲ ਹੀ ਸਭ ਕੁੱਝ ਚੰਗਾ ਲਗਦੈ। ਤੂੰ ਸਮਝਦਾ ਕਿਉਂ ਨਹੀਂ? ਮੇਰਾ ਮਨ ਬਹੁਤ ਡਰ ਰਿਹਾ ਹੈ। ਹੁਣ ਇੱਥੇ ਭੋਰਾ ਵੀ ਜੀਅ ਨਹੀਂ ਲੱਗਦਾ। ਸਮੁੰਦਰ ਵੀ ਦੇਖ ਲਏ, ਦੁਨੀਆਂ ਵੀ ਦੇਖ ਲਈ, ਤੈਨੂੰ ਕਦੇ ਨੀ ਕਹਿੰਦੀ ਬਈ ਬਾਹਰ ਘੁੰਮਾ ਕੇ ਲਿਆ। ਚੰਡੀਗੜ੍ਹ ਘੁੰਮ ਕੇ ਸਮਝ ਲਿਆ ਕਰਾਂਗੇ, ਸਾਰੀ ਦੁਨੀਆਂ ਘੁੰਮ ਲਈ। ਸੁਖਨਾ ਝੀਲ ਦੇ ਕਿਨਾਰੇ ਬੈਠ ਸਮਝ ਲਿਆ ਕਰਾਂਗੇ ਸਾਰੀ ਦੁਨੀਆਂ ਦੇ ਬੀਚ ਘੁੰਮ ਲਏ। ਚੱਲ ਪੰਜਾਬ ਚੱਲੀਏ। ਨੌਕਰੀ ਛੱਡ ਕੇ ਮੈਨੂੰ ਤਾਂ ਪਟਿਆਲੇ ਲੈ ਚੱਲ ਬੱਸ।”

“ਜੀਤੀ, ਅਸੀਂ ਕਿਉਂ ਨੌਕਰੀ ਛੱਡੀਏ। ਜਿਸਦਾ ਇਹ ਜਹਾਜ਼ ਹੈ, ਇਹ ਬਹੁਤ ਵੱਡੀ ਕੰਪਨੀ ਹੈ। ਮਸਾਂ ਇਸ ਕੰਪਨੀ ਵਿੱਚ ਨੌਕਰੀ ਮਿਲੀ ਹੈ। ਮੈਂ ਨੌਕਰੀ ਛੱਡ ਵੀ ਦੇਵਾਂ ਤਾਂ ਨਾਲ ਦੀ ਨਾਲ ਏਥੇ ਕੋਈ ਹੋਰ ਦੂਸਰਾ ਅਫ਼ਸਰ ਆ ਜਾਵੇਗਾ। ਨੌਕਰੀ ਲਈ ਕੰਪਨੀ ਦਫ਼ਤਰਾਂ ਵਿੱਚ ਲਾਈਨਾਂ ਲੱਗੀਆਂ ਰਹਿੰਦੀਆਂ ਨੇ। ਕੰਪਨੀ ਨੂੰ ਕੋਈ ਫ਼ਰਕ ਨੀ ਪੈਣ ਲੱਗਾ ਪਰ ਜੀਤੀ ਮੈਨੂੰ ਫ਼ਰਕ ਪੈਂਦਾ ਹੈ। ਬਹੁਤ ਵੱਡਾ ਫ਼ਰਕ, ਸਮਝ ਇਸ ਗੱਲ ਨੂੰ। ਨੌਕਰੀ ਵਿੱਚੋਂ ਛੱਡ ਕੇ ਜਾਵਾਂਗਾ ਤਾਂ ਦੁਬਾਰਾ ਕੰਪਨੀ 'ਚ ਨੌਕਰੀ ਮੁਸ਼ਕਿਲ ਹੋ ਜਾਏਗੀ। ਕਿਸੇ ਹੋਰ ਕੰਪਨੀ ਕੋਲ ਜਾਵਾਂਗਾ, ਉਹ ਸੋਚਣਗੇ, ਐਨੀ ਵੱਡੀ ਕੰਪਨੀ ’ਚ ਕੰਮ ਨੀ ਕੀਤਾ, ਕੋਈ ਗੱਲ ਹੈ, ਸਾਡੇ ਕੋਲ ਕੀ ਕਰੇਗਾ। ਇਹ ਵੱਡੀਆਂ ਕੰਪਨੀਆਂ ਕੋਲ ਸਭ ਰਿਕਾਰਡ ਹੁੰਦੇ ਹਨ।”

“ਵੱਡੀਆਂ ਕੰਪਨੀਆਂ ਨੂੰ ਕੀ ਚੱਟੀਏ, ਆਪਣੀ ਜ਼ਿੰਦਗੀ ਨਾਲੋਂ ਕੁੱਝ ਵੀ ਵੱਡਾ ਨਹੀਂ ਹੁੰਦਾ। ਤੂੰ ਆਪ ਹੀ ਕਹਿ ਰਿਹਾ ਹੈਂ ਕਿ ਇਨ੍ਹਾਂ ਕੰਪਨੀਆਂ ਨੂੰ ਕੋਈ ਫ਼ਰਕ ਨੀ ਪੈਂਦਾ ਪਰ ਰਾਜ ਮੈਨੂੰ ਪੈਂਦਾ ਹੈ। ਤੇਰੇ ਬਿਨਾਂ ਮੈਂ ਜੀਅ ਨਹੀਂ ਸਕਦੀ।” ਅੱਗੇ ਮੈਥੋਂ ਬੋਲ ਨਾ ਹੋਇਆ ਤੇ ਹੋਰ ਰੋਣ ਲੱਗ ਪਈ।

“ਐਨਾ ਦੁੱਖ ਤੂੰ ਕੱਲੀ ਨੇ ਝੱਲਿਆ ਧੀਏ! ਹੇ ਵਾਹਿਗੁਰੂ, ਹੇ ਮਾਲਕਾ, ਬੱਚੀ ’ਤੇ ਰਹਿਮ ਕਰਦਾ, ਅਸੀਂ ਤਾਂ ਫੁੱਲਾਂ ਵਾਂਗੂੰ ਰੱਖੀ ਸੀ, ਐਨਾ ਇਹ ਕਿੱਥੇ ਝੱਲਣ ਜੋਗੀ ਸੀ।” ਸੁਣ-ਸੁਣ ਮਾਂ ਦਾ ਕਲੇਜਾ ਬਹਿੰਦਾ ਜਾ ਰਿਹਾ ਸੀ।

72/ਰੇਤ ਦੇ ਘਰ