ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਜ਼ ਹੀ ਸ਼ਹਿਰ ਦਾ ਗੇੜਾ-ਗੂੜਾ ਵੀ ਮਾਰਦੇ ਰਹਿੰਦੇ ਨੇ। ਕੋਈ ਬੱਸ ਅੱਡਿਆਂ ਵੱਲ ’ਤੇ, ਕੋਈ ਕੁੜੀਆਂ ਦੇ ਸਕੂਲਾਂ-ਕਾਲਜਾਂ ਵੱਲ ਚੱਕਰ-ਚੁੱਕਰ ਮਾਰ ਛੱਡਦੇ ਨੇ। ਉਨ੍ਹਾਂ ਲਈ ਉਹ ਵੀ ਜ਼ਰੂਰੀ ਕੰਮ ਹੋਇਆ। ਕਈ ਬਾਹਰ ਜਾਣ ਖ਼ਾਤਰ ਏਜੰਟਾਂ ਕੋਲ ਗੇੜੇ ਮਾਰਦੇ ਨੇ। ਆਈਲੈਟ ਸੈਂਟਰ ਵਾਧੂ। ਖੁੰਬਾਂ ਵਾਂਗੂੰ ਉੱਗ ਪਏ ਨੇ ਹਰੇਕ ਸ਼ਹਿਰ ’ਚ। ਨੌਜਵਾਨ ਮੁੰਡੇ-ਕੁੜੀਆਂ ਨਾਲ ਭਰੇ ਪਏ ਨੇ। ਉੱਥੇ ਨਾਲੇ ਅੰਗਰੇਜ਼ੀ ਬੋਲਣੀ ਸਿਖਦੇ ਨੇ, ਨਾਲ ਅੰਗਰੇਜ਼ੀ ਫੈਸ਼ਨ ਤੇ ਹੋਰ ਵੀ ਕਈ ਕੁੱਝ। ਬਾਕੀ ਜਿਹੜੇ ਬਾਹਲੇ ਹੀ ਉੜੇ-ਥੁੜੇ ਨੇ ਤੇ ਕੋਈ ਵਾਹ ਨੀ ਲੱਗਦੀ, ਉਨ੍ਹਾਂ 'ਚੋਂ ਇੱਕ-ਦੋ ਰੋਜ਼ ਪੰਜਾਬ ਤੋਂ ਸਿੱਧੀ ਰੱਬ ਦੀ ਟਿਕਟ ਕਟਾ ਲੈਂਦੇ ਆ। ਕੋਈ ਕਰਜ਼ੇ ਦਾ ਭੰਨਿਆ ਪਿਆ, ਕੋਈ ਨਸ਼ਿਆਂ ਦਾ। ਖੇਤੀ ਦਾ ਕੰਮ ਤਾਂ ਅੱਜਕੱਲ ਸਾਰਾ ਭਈਏ ਹੀ ਕਰਦੇ ਨੇ ਜਾਂ ਮਾੜਾ-ਮੋਟਾ ਪੁਰਾਣੇ ਬੰਦੇ। ਤੈਨੂੰ ਵੀ ਸਾਰਾ ਪਤਾ ਹੀ ਹੋਣੈ।" ਮੈਂ ਰੁੱਖਾ ਜਿਹਾ ਜਵਾਬ ਦਿੱਤਾ।

“ਹੂੰ....ਅ... ਅ।” ਇਹ ਕਹਿ ਉਹਨੇ ਬਾਰ-ਗਰਲ ਨੂੰ ਇਸ਼ਾਰਾ ਕੀਤਾ ਤੇ ਪੈੱਗ ਲਿਆਉਣ ਲਈ ਕਿਹਾ। ਫਿਰ ਉਹ ਮੈਨੂੰ ਹੋਰ ਪੁੱਛਣ ਲੱਗਾ, “ਕਿੰਨੇ ਕੁ ਚਿਰ ਬਾਅਦ ਪੰਜਾਬ ਗੇੜਾ ਮਾਰ ਆਉਂਨੈਂ?”

“ਪੰਜ ਮਹੀਨੇ ਹੋ ਗਏ ਪੰਜਾਬ ਤੋਂ ਆਏ ਨੂੰ। ਅਜੇ ਦੋ-ਢਾਈ ਮਹੀਨੇ ਹੋਰ ਲਾਉਣੇ ਆਂ। ਫੇਰ ਛੁੱਟੀ ਚਲੇ ਜਾਣਾ ਤੇ ਘੱਟੋ-ਘੱਟ ਤਿੰਨ ਕੁ ਮਹੀਨੇ ਘਰ। ਫਿਰ ਵਾਪਸ ਕਿਸੇ ਜਹਾਜ਼ ’ਚ। ਐਦਾਂ ਹੀ ਗੇੜ ਜਿਹਾ ਚਲਦਾ ਰਹਿੰਦੈ ਸਾਡਾ ਤਾਂ। ਜਹਾਜ਼ਾਂ ਵਿੱਚ ਹੁਣ ਚਾਰ-ਪੰਜ ਸਾਲ ਹੀ ਹੋਰ ਲਾਉਣੇ ਨੇ। ਬੱਸ ਫੇਰ ਪੰਜਾਬ ਵਿੱਚ ਪੱਕਾ ਅੱਡਾ ਲਾ ਲੈਣਾ। ਛੱਡ ਦੇਣੀ ਹੈ ਜਹਾਜ਼ਾਂ ਦੀ ਨੌਕਰੀ। ਨੌਕਰੀ ਤਾਂ ਠੀਕ ਹੈ ਪਰ ਕੰਪਨੀਆਂ ਨਿਚੋੜ ਲੈਂਦੀਆਂ ਨੇ ਬੰਦੇ ਨੂੰ। ਕੰਮ ਦੀ ਟੈਂਸ਼ਨ ਬਹੁਤ ਹੈ। ਪੰਜਾਬ ਵਿੱਚ ਹੀ ਵੇਖਾਂਗੇ ਕੋਈ ਕੰਮ-ਕਾਰ।” ਮੈਂ ਸਾਰੀ ਸਥਿਤੀ ਦੱਸ ਦਿੱਤੀ ਜਾਂ ਇੰਝ ਮੰਨੋ ਆਪਣੀ ਸਾਰੀ ਭੜਾਸ ਹੀ ਕੱਢ ਦਿੱਤੀ।

“ਵਧੀਆ ਗੱਲ ਹੈ, ਤੇਰਾ ਛੇਤੀ-ਛੇਤੀ ਪੰਜਾਬ ਗੇੜਾ ਵੱਜਦਾ ਰਹਿੰਦੈ। ਚੰਗੀ ਨੌਕਰੀ ਐ, ਲਾ ਲੈ ਹੋਰ 10-12 ਸਾਲ। ਛੱਡਣ ਦੀ ਕਾਹਲ ਨਾ ਕਰੀਂ। ਪੰਜਾਬ ਦਾ ਕੀ ਐ, ਜਦੋਂ ਮਰਜ਼ੀ ਜਾ ਬੈਠੇ। ਕੁਛ ਨੀ ਰਹਿ ਗਿਆ ਹੁਣ ਪੰਜਾਬ ’ਚ। ਬਹੁਤ ਬੁਰਾ ਹਾਲ ਐ ਉਥੇ।” ਉਹ ਗੰਭੀਰ ਹੋ ਕੇ ਗੱਲ ਕਰ ਰਿਹਾ ਸੀ। ਉਸ ਦੀ ਇਹ ਗੱਲ ਮੈਨੂੰ ਚੰਗੀ ਲੱਗੀ।

ਪਰ ਆਪਣੇ ਬਾਰੇ ਅਜੇ ਵੀ ਉਸਨੇ ਕੋਈ ਗੱਲ ਨਹੀਂ ਸੀ ਕੀਤੀ। ਥੋੜ੍ਹੀ ਹੈਰਾਨੀ ਹੋਈ ਕਿ ਆਪਣੇ ਬਾਰੇ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਜਾਂ ਦੱਸਣ ਤੋਂ ਝਿਜਕ ਰਿਹਾ ਹੈ।

“ਤੁਹਾਨੂੰ ਪੰਜਾਬ ਤੋਂ ਆਇਆਂ ਕਿੰਨੇ ਸਾਲ ਹੋ ਗਏ?” ਮੈਂ ਸਿੱਧਾ ਸਵਾਲ ਕੀਤਾ।

78/ਰੇਤ ਦੇ ਘਰ