ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ ਨਸ਼ੇ ਦਾ ਲੋਰ ਸੀ ਕਿ ਮਨ ਦਾ ਵੈਰਾਗ, ਉਹ ਇੰਝ ਬੋਲ ਰਿਹਾ ਸੀ, ਜਿਵੇਂ ਹਵਾ ਨਾਲ ਗੱਲਾਂ ਕਰ ਰਿਹਾ ਹੋਵੇ।

“ਕੁਲਜੀਤ ਜਿਸ ਦਿਨ ਏਥੋਂ ਗਈ, ਬੜੀ ਉਦਾਸ ਸੀ। ਬੜੇ ਦੁਖੀ ਮਨ ਨਾਲ ਗਈ। ਗਈ ਕੀ, ਮੈਂ ਹੀ ਨੀ ਰੋਕਿਆ, ਉਹ ਤਾਂ ਸ਼ਾਇਦ ਰੁਕ ਜਾਂਦੀ। ਕਿੰਨਾ ਬੁਜ਼ਦਿਲ ਨਿਕਲਿਆ ਮੈਂ ਪਰ ਰੋਕਦਾ ਵੀ ਕਿਵੇਂ, ਕੀ ਰਿਸ਼ਤਾ ਸੀ। ਕਿਹੜੇ ਰਿਸ਼ਤੇ ਦੇ ਦਮ ਰੋਕਦਾ....। ਰਿਸ਼ਤਾ ਵੀ ਕੋਈ ਨਹੀਂ, ਮਨ ’ਚੋਂ ਵੀ ਨੀ ਜਾਂਦੀ। ਯਾਦ ਵੀ ਬਹੁਤ ਆਉਂਦੀ ਹੈ, ਵਾਰ-ਵਾਰ ਆਉਂਦੀ ਹੈ। ਕਾਸ਼ ਇਸ ਰਿਸ਼ਤੇ ਦਾ ਕੋਈ ਨਾਂ ਹੁੰਦਾ। ਮੈਂ ਹੀ ਕੋਈ ਨਾਂ ਦੇ ਲੈਂਦਾ। ਪਤਾ ਨੀ ਹੁਣ ਕਿੱਥੇ ਹੋਵੇਗੀ। ਕਿਸ ਹਾਲ ’ਚ ਹੋਵੇਗੀ। ਕਿਵੇਂ ਦਿਨ ਕੱਟ ਰਹੀ ਹੋਵੇਗੀ। ਉਸ ’ਤੇ ਕੀ ਬੀਤ ਰਹੀ ਹੋਵੇਗੀ। ਉਹ ਬੜਾ ਕੁੱਝ ਬੋਲੀ ਜਾ ਰਿਹਾ ਸੀ।

ਮੈਂ ਹੈਰਾਨ, ਨਾਲੇ ਵਿਜੈ ਦੇ ਮੂੰਹ ਵੱਲ ਦੇਖੀ ਜਾਵਾਂ ਤੇ ਨਾਲੇ ਉਸ ਦੀਆਂ ਗੱਲਾਂ ਸੁਣੀ ਜਾਵਾਂ। ‘ਹੈਂਅ! ਇਹ ਕੁਲਜੀਤ ਨੂੰ ਐਨੀ ਸ਼ਿੱਦਤ ਨਾਲ ਕਿਉਂ ਯਾਦ ਕਰ ਰਿਹੈ। ਕੌਣ ਹੈ ਕੁਲਜੀਤ, ਕੌਣ ਹੈ ਸਤਿਬੀਰ ਤੇ ਕੁਲਜੀਤ?’ ਮੈਨੂੰ ਲੱਗਿਆ, ਜ਼ਰੂਰ ਕੋਈ ਗੱਲ ਹੈ ਪਰ ਉਸ ਵਕਤ ਮੈਂ ਪੁੱਛਣ ਦੀ ਹਿੰਮਤ ਨਾ ਕਰ ਸਕਿਆ। ਗੱਲ ਮੇਰੇ ਮਨ ’ਚ ਹੀ ਅਟਕੀ ਰਹਿ ਗਈ।

ਇੱਕ ਦਿਨ ਫੇਰ ਬੈਠੇ ਪੈੱਗ ਸਾਂਝਾ ਕਰ ਰਹੇ ਸੀ। ਅੱਜ ਵਿਜੈ ਪੂਰਾ ਖ਼ੁਸ਼ ਵੀ ਸੀ। ਗੱਲਾਂ-ਗੱਲਾਂ ’ਚ ਮੈਂ ਵਿਜੈ ਨੂੰ ਪੁੱਛ ਹੀ ਲਿਆ, “ਵੀਰ ਜਿਸ ਪਰਿਵਾਰ ਦੀਆਂ ਕਈ ਵਾਰ ਤੁਸੀਂ ਗੱਲਾਂ ਕਰਦੇ ਰਹਿੰਦੇ ਹੋ, ਉਨ੍ਹਾਂ ਬਾਰੇ ਮੈਨੂੰ ਵੀ ਕੋਈ ਜਾਣਕਾਰੀ ਤਾਂ ਮਿਲੇ। ਗੱਲਾਂ ਕਰਦੇ-ਕਰਦੇ ਤੁਸੀਂ ਭਾਵੁਕ ਵੀ ਹੋ ਜਾਂਦੇ ਹੋ। ਸਾਰੀਆਂ ਗੱਲਾਂ ਮੇਰੇ ਤਾਂ ਸਿਰ ਉੱਪਰ ਦੀ ਹੀ ਲੰਘ ਜਾਂਦੀਆਂ ਨੇ। ਸਤਿਬੀਰ ਤੇ ਕੁਲਜੀਤ ਕੌਣ ਹਨ, ਬੁਰਾ ਨਾ ਮੰਨੋ ਤਾਂ ਇਸ ਬਾਰੇ ਮੈਨੂੰ ਵੀ ਤਾਂ ਕੁੱਝ ਖੁੱਲ੍ਹ ਕੇ ਦੱਸੋ।”

ਕੁੱਝ ਚਿਰ ਚੁੱਪ ਛਾਈ ਰਹੀ। ਵਿਜੈ ਦੇ ਚਿਹਰੇ ਦੇ ਹਾਵ-ਭਾਵ ਬਦਲਦੇ ਰਹੇ। ਲੱਗਦਾ ਸੀ ਕੁੱਝ ਸੋਚ ਰਿਹਾ ਹੈ। ਫਿਰ ਉਹ ਬੋਲਿਆ, “ਛੱਡ ਇੰਦਰ, ਕੀ ਦੱਸਾਂ, ਹੁਣ ਇਹ ਗੱਲ ਗੱਲ ਨੀ ਰਹੀ। ਇੱਕ ਨਾਸੂਰ ਬਣ ਗਿਆ ਹੈ, ਨਾਸੂਰ। ਬੱਸ ਐਵੇਂ ਕਦੇ-ਕਦੇ ਰਿਸਣ ਲੱਗ ਪੈਂਦੈ। ਅੱਗੇ ਤੋਂ ਨੀ ਇਸ ਬਾਰੇ ਗੱਲ ਕਰਦੇ।” ਉਹ ਕਹਿ ਤਾਂ ਗਿਆ ਪਰ ਐਨਾ ਭਾਵੁਕ ਹੋ ਗਿਆ ਕਿ ਅੱਖਾਂ ’ਚ ਪਾਣੀ ਤੈਰਨ ਲੱਗਾ।

ਦੇਖ ਕੇ ਮੈਂ ਵੀ ਪ੍ਰੇਸ਼ਾਨ, ‘ਕਾਹਨੂੰ ਪੁੱਛਣਾ ਸੀ ਯਾਰ’ ਪਰ ਮੈਨੂੰ ਇਹ ਯਕੀਨ ਪੱਕਾ ਹੋ ਗਿਆ ਕਿ ਮਸਲਾ ਕੋਈ ਗੰਭੀਰ ਹੈ, ਅੱਗੇ ਵਧਾਂ ਕਿ ਨਾ। ਮੈਂ ਵਿਜੈ ਦੀ ਬਹੁਤ ਇੱਜ਼ਤ ਕਰਦਾ ਸੀ। ਕਿਸੇ ਵੀ ਤਰ੍ਹਾਂ ਦੇ ਅਹਮ ਨੂੰ ਕੋਈ ਚੋਟ ਨੀ ਸੀ ਪਹੁੰਚਾਉਣਾ ਚਾਹੁੰਦਾ। ਕੀ ਕਰਾਂ?

94/ਰੇਤ ਦੇ ਘਰ