ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਜ਼ਨਾਨੀ/ਜ਼ਨਾਨਾ:ਔਰਤ/ਖੁਸਰਾ
ਜ਼ਨਾਨੀ ਤਾਂ ਜ਼ਨਾਨੀ ਹੋਈ, ਹੋ ਮਰਦ ਵੀ ਜ਼ਨਾਨਾ ਹੇ।
(ਔਰਤ ਤਾਂ ਔਰਤ ਹੀ ਹੋਈ, ਇਹ ਮਰਦ ਵੀ ਖੁਸਰਾ ਹੈ)
ਜਨਾਜ਼ਾ: ਸਿੜੀ
ਜਨਾਜ਼ਾ ਕਢਣੁ ਪਹਿਲੂ ਲੋਥ ਡੇਖ ਕੁਰਲਾਟ ਪੈ ਗਿਆ।
(ਸਿੜੀ ਚੁੱਕਣੋਂ ਪਹਿਲਾਂ, ਲਾਸ਼ ਵੇਖ ਕੁਰਲਾਟ ਪੈ ਗਿਆ)
ਜਪਮਾਲਾ/ਜਪਮਾਲੀ: ਮਾਲਾ/ਨਿਕੀ ਮਾਲਾ
ਹੱਥ ਵਿਚ ਡੇਖੋ ਜਪਮਾਲਾ/ਜਪਮਾਲੀ ਹੈ ਤੇ ਮੂੰਹ ਵਿਚ ਕੋਹੜੀਆਂ ਗਾਲਾਂ ਹਿਨ।
(ਵੇਖੋ ਹੱਥ ਵਿਚ ਮਾਲਾ ਹੈ ਤੇ ਮੂੰਹੋਂ ਗੰਦੀਆਂ ਗਾਲਾਂ)
ਜਫਰ: ਔਖੇ ਦਿਨ
ਮਾਂ-ਮਹਿੱਟਰਾਂ ਦੇ ਭੋਗੇ ਜਫ਼ਰ ਦਾ ਕੋਈ ਟਿਕਾਣਾ ਨਹੀਂ।
(ਮਰੀ ਮਾਂ ਦੇ ਬੱਚਿਆਂ ਦੇ ਭੋਗੇ ਕਸ਼ਟਾਂ ਦਾ ਕੋਈ ਹਿਸਾਬ ਨਹੀਂ ਹੈ)
ਜਬਾ: ਰੋਹਬ
ਜ਼ੈਲਦਾਰ ਦੀ ਇਲਾਕੇ ਵਿਚ ਜਬ੍ਹਾ ਦੀ ਕਾਈ ਰੀਸ ਨਹੀਂ।
(ਇਲਾਕੇ ਵਿਚ ਜ਼ੈਲਦਾਰ ਦੇ ਰੋਹਬ ਦਾ ਕੋਈ ਮੁਕਾਬਲਾ ਨਹੀਂ)
ਜੱਭਲ: ਨਿਕੰਮੀ
ਕੰਮ ਜੋਗੀ ਨਾ ਕਾਰ ਦੀ, ਜੱਭਲ ਛਨਾਰ ਜਿਹੀ।
(ਕਿਸੇ ਕੰਮ ਕਾਰ ਜੋਗੀ ਤਾਂ ਹੈ ਨਹੀਂ, ਨਿਕੰਮੀ ਲੁੱਚੀ ਜਿਹੀ ਹੈ)
ਜਮਾਂ ਖਰਚ: ਲੋੜ ਜੋਗਰੀ ਰਕਮ
ਯਾਤਰਾ ਤੇ ਚੜ੍ਹਿਆ ਲੈਂਦੈ, ਕੁਝ ਜਮਾਂ ਖਰਚ ਚਾਇਆਈ।
(ਯਾਤਰਾ ਤੇ ਚੜ੍ਹ ਚਲਿਐਂ, ਕੁਝ ਲੋੜ ਜੋਗਰੀ ਰਕਮ ਚੁਕੀ ਹਈ)
ਜੰਮ ਜੰਮ: ਬੇਝਿਜਕ
ਜੰਮ ਜੰਮ ਆਵੋ ਸੁਹਣਿਓ, ਕਿਵਾੜ ਖੁਲ੍ਹੇ ਰਖਸੂੰ।
(ਬੇਝਿਜਕ ਚਲੇ ਆਓ ਸੁਹਣਿਉਂ, ਬਾਰ ਖੁਲ੍ਹੇ ਰਖਾਂਗੇ)
ਜਮ: ਯਮ
ਮੈਂ ਹਿੱਕ ਡਿਹਾੜੇ ਤਾਂ ਆਵਣੈ, ਜਮ ਦਾ ਡਰ ਕਿਹਾ।
(ਜੀਹਨੇ ਇਕ ਦਿਨ ਆਉਣਾ ਹੀ ਹੈ, ਯਮ ਦਾ ਡਰ ਕਾਹਦਾ)
ਜਮਾਲ: ਸੁਹੱਪਣ
ਇਸ ਜੋੜੀ ਦੀ ਸੰਤਾਨ ਤੋਂ ਕਮਾਲ ਦਾ ਜਮਾਲ ਹੈ।
(ਇਸ ਜੋੜੇ ਦੀ ਸੰਤਾਨ ਤੇ ਲੋਹੜੇ ਦਾ ਸੁਹੱਪਣ ਹੈ)
ਜ਼ਮੀਮਾਂ: ਵਧਾਰਾ
ਕਿਤਾਬ ਦਾ ਜ਼ਮੀਮਾ ਵੀ ਟੁੰਬਦੈ, ਆਫਰੀਨ ਕਾਤਬ ਦੇ।
(ਕਿਤਾਬ ਦਾ ਵਧਾਰਾ ਵੀ ਟੁੰਬਦਾ ਹੈ, ਲੇਖਕ ਕਮਾਲ ਹੈ)
(89)