ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ, ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ਼ ਹੋਈ ਲੜਾਈ ਦਾ ਵਿਰਤਾਂਤ ਨੂੰ ਬੜੇ ਲਟਕਾਂ ਨਾਲ ਗਾਉਂਦੇ ਹਨ:

 ਭੱਥ ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆਂ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਉਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖਕੇ
ਅੱਖੀਉਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੰਘਿਆ ਸੀਰ।

ਮਿਰਜ਼ਾ ਜੋਧਿਆਂ ਵਾਂਗ ਕੱਲਾ ਲੜਿਆ। ਉਹਦੀ ਮੌਤ ਤੇ ਪੰਜਾਬ ਦੀ ਆਤਮਾ ਕੁਰਲਾ ਉੱਠੀ:

 ਵਿੰਗ ਤੜੈਗੀਏ ਟਾਹਲੀਏ
ਤੇਰੇ ਹੋਠ ਮਿਰਜ਼ੇ ਦੀ ਡੋਰ
ਜਿੱਥੇ ਮਿਰਜ਼ਾ ਵੱਢਿਆ।
ਓਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ 'ਚ ਰੋਂਦੇ ਮੋਰ।

ਸਦੀਆਂ ਬੀਤਣ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 197